ਨਵੀਂ ਦਿੱਲੀ: ਉੱਤਰ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਤਾਨਾਸ਼ਾਹ ਬਣਿਆ ਹੋਇਆ ਹੈ। ਵਕਤ ਦੇ ਨਾਲ ਕਿਮ ਜੋਂਗ ਨੇ ਥੋੜ੍ਹੀ ਨਰਮੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਕਿਮ ਜੋਂਗ ਦੋ ਸਾਲ ਬਾਅਦ ਗੁਆਂਢੀ ਮੁਲਕ ਦੱਖਣੀ ਕੋਰੀਆ ਨਾਲ ਗੱਲ ਕਰਨ ਲਈ ਰਾਜ਼ੀ ਹੋ ਗਿਆ ਹੈ। ਅਗਲੇ ਹਫ਼ਤੇ ਕਿਮ ਜੋਂਗ ਤੇ ਦੱਖਣੀ ਕੋਰੀਆ ਦੀ ਸਰਕਾਰ ਵਿਚਾਲੇ ਗੱਲਬਾਤ ਹੋ ਸਕਦੀ ਹੈ।

ਦੱਖਣੀ ਕੋਰੀਆ ਤੇ ਉੱਤਰ ਕੋਰੀਆ ਵਿਚਾਲੇ ਇਹ ਗੱਲਬਾਤ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਕਿਮ ਜੋਂਗ ਦੱਖਣੀ ਕੋਰੀਆ ਦੇ ਨਾਂ ਨਾਲ ਵੀ ਨਫ਼ਰਤ ਕਰਦਾ ਹੈ। ਉਸ ਦੇ ਮੁਲਕ ਵਿੱਚ ਦੱਖਣੀ ਕੋਰੀਆ ਦੇ ਰੇਡੀਓ ਤੱਕ ਨਹੀਂ ਚੱਲਦੇ। ਗੱਲਬਾਤ ਦੇ ਗੱਲ ਸ਼ੁਰੂ ਹੁੰਦੇ ਹੀ ਦੱਖਣੀ ਕੋਰੀਆ ਵਿੱਚ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ।

ਦੱਖਣੀ ਕੋਰੀਆ ਦੀ ਵਿਰੋਧੀ ਧਿਰ ਦਾ ਦਾਅਵਾ ਹੈ ਕਿ ਤਾਨਾਸ਼ਾਹ ਦਾ ਮਕਸਦ ਗੱਲਬਾਤ ਕਰਨਾ ਨਹੀਂ ਹੈ। ਉਹ ਅਮਰੀਕਾ ਤੇ ਦੱਖਣੀ ਕੋਰੀਆ ਦੀ ਦੋਸਤੀ ਨੂੰ ਤੋੜਨਾ ਚਾਹੁੰਦਾ ਹੈ। ਦੱਖਣੀ ਕੋਰੀਆ ਦੇ ਇੱਕ ਵੱਡੇ ਅਖ਼ਬਾਰ ਕੋਰੀਆ ਟਾਈਮਜ਼ ਦੀ ਹੈੱਡਲਾਈਨ ਹੈ- ਤਾਨਾਸ਼ਾਹ ਦੇ ਗੱਲਬਾਤ ਦੇ ਆਫ਼ਰ ਨਾਲ ਮੁਲਕ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਦੱਖਣੀ ਕੋਰੀਆ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਲਿਬਰਟੀ ਕੋਰੀਆ ਪਾਰਟੀ ਦੇ ਮੁਖੀ ਹਾਂਗ ਜੂਨ ਪਓ ਮੁਤਾਬਕ- ਦੱਖਣੀ ਕੋਰੀਆ ਦੀ ਸਰਕਾਰ, ਉੱਤਰ ਕੋਰੀਆ ਦੀ ਚਾਲ ਵਿੱਚ ਆ ਗਈ ਹੈ। ਉੱਤਰ ਕੋਰੀਆ ਦੇ ਤਾਨਾਸ਼ਾਹ ਦੀ ਨਜ਼ਰ ਦੱਖਣੀ ਕੋਰੀਆ ਵਿੱਚ ਰਾਜਨੀਤਕ ਪਾਰਟੀਆਂ ਵਿਚਾਲੇ ਪੁਆੜਾ ਪਾਉਣਾ ਹੈ। ਇੰਨਾ ਹੀ ਨਹੀਂ, ਉਹ ਅਮਰੀਕਾ ਤੇ ਦੱਖਣੀ ਕੋਰੀਆ ਵਿਚਾਲੇ ਕੰਧ ਬਣਾਉਣਾ ਚਾਹੁੰਦਾ ਹੈ।