ਵਾਸ਼ਿੰਗਟਨ: ਆਪਣੇ ਚੋਣ ਪ੍ਰਚਾਰ ਦੌਰਾਨ ਅਮਰੀਕਾ ਵਿੱਚ ਬਾਹਰੀ ਕਾਮਿਆਂ ਦੇ ਵਿਰੋਧੀ ਰਹੇ ਨਵੇਂ ਚੁਣੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਦਰਖਾਤੇ ਭਾਰਤੀ ਨੌਜਵਾਨ ਤਕਨੀਕੀ ਮਾਹਰਾਂ 'ਚ ਹਰਮਨਪਿਆਰੇ H-1B ਵੀਜ਼ਾ ਪ੍ਰਤੀ ਆਪਣੇ ਸੁਰ ਨਰਮ ਕਰ ਲਏ ਸਨ। ਇਹ ਖੁਲਾਸਾ ਅਮਰੀਕਨ ਲੇਖਕ ਨੇ ਆਪਣੀ ਕਿਤਾਬ ਵਿੱਚ ਕੀਤਾ ਹੈ।
ਪੱਤਰਕਾਰ ਮਿਸ਼ੇਲ ਵੌਲਫ ਵੱਲੋਂ ਲਿਖੀ ਕਿਤਾਬ 'ਫਾਇਰ ਐਂਡ ਫਿਊਰੀ: ਇਨਸਾਈਡ ਟਰੰਪ ਵ੍ਹਾਈਟ ਹਾਊਸ' ਵਿੱਚ ਇਹ ਖੁਲਾਸਾ ਹੋਇਆ ਹੈ ਕਿ ਸਿਲੀਕੌਨ ਵੈਲੀ ਦੇ ਆਗੂਆਂ ਦੀ 14 ਦਸੰਬਰ, 2016 ਨੂੰ ਟਰੰਪ ਟਾਵਰ ਵਿੱਚ ਬੈਠਕ ਤੋਂ ਬਾਅਦ ਉਦੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਟਰੰਪ ਨੇ ਕਿਹਾ ਸੀ ਕਿ ਤਕਨੀਕੀ ਉਦਯੋਗ ਨੂੰ ਐਚ-1ਬੀ ਵੀਜ਼ਾ ਦੇ ਮੁੱਦੇ 'ਤੇ ਮਦਦ ਦੀ ਲੋੜ ਹੈ।
ਕਿਤਾਬ ਮੁਤਾਬਕ ਇਸ ਬੈਠਕ ਉਪਰੰਤ ਮੀਡੀਆ ਦੇ ਵੱਡੇ ਕਾਰੋਬਾਰੀ ਰੁਪਰਟ ਮੁਰਡੌਕ ਨਾਲ ਟਰੰਪ ਨੇ ਫ਼ੋਨ 'ਤੇ ਗੱਲਬਾਤ ਦੌਰਾਨ ਇਸ ਮਿਲਣੀ ਨੂੰ ਬਹੁਤ ਵਧੀਆ ਦੱਸਿਆ ਸੀ। ਉਨ੍ਹਾਂ ਦੀ ਇਸ ਫ਼ੋਨ ਕਾਲ ਬਾਰੇ ਕਿਤਾਬ ਵਿੱਚ ਦੱਸਿਆ ਹੈ ਕਿ ਉਸ ਸਮੇਂ ਟਰੰਪ ਨੇ ਕਿਹਾ ਸੀ ਕਿ ਇਨ੍ਹਾਂ ਲੋਕਾਂ (ਸਿਲੀਕੌਨ ਵੈਲੀ ਦੇ ਆਗੂ) ਨੂੰ ਉਸ ਦੀ ਸਖ਼ਤ ਜ਼ਰੂਰਤ ਹੈ। ਇਸ 'ਤੇ ਮੁਰਡੌਕ ਨੇ ਕਿਹਾ ਕਿ ਟਰੰਪ ਇਨ੍ਹਾਂ ਨੂੰ ਤੇਰੀ ਕੋਈ ਜ਼ਰੂਰਤ ਨਹੀਂ, ਉਨ੍ਹਾਂ ਲੋਕਾਂ ਨੇ ਤਾਂ ਓਬਾਮਾ ਨੂੰ ਵੀ 8 ਸਾਲਾਂ ਤਕ ਆਪਣੀ ਜੇਬ ਵਿੱਚ ਪਾਈ ਰੱਖਿਆ। ਇਸ 'ਤੇ ਟਰੰਪ ਨੇ ਜਵਾਬ ਦਿੱਤਾ ਕਿ ਇਸ ਐਚ 1-ਬੀ ਵੀਜ਼ਾ ਬਾਰੇ ਉਨ੍ਹਾਂ ਨੂੰ ਮੇਰੀ ਲੋੜ ਹੈ।
ਵੌਲਫ ਨੇ ਲਿਖਿਆ ਹੈ ਕਿ ਉਦੋਂ ਮੁਰਡੌਕ ਨੇ ਸਲਾਹ ਦਿੱਤੀ ਸੀ ਕਿ ਇਸ ਵੀਜ਼ਾ ਬਾਰੇ ਆਜ਼ਾਦਾਨਾ ਪਹੁੰਚ ਉਸ ਲਈ ਆਪਣੇ ਬਾਰਡਰਾਂ ਨੂੰ ਵਧੇਰੇ ਸੁਰੱਖਿਅਤ ਕਰਨ ਦੇ ਚੋਣ ਵਾਅਦੇ ਦੇ ਰਾਹ ਦਾ ਰੋੜਾ ਬਣ ਸਕਦੀ ਹੈ। ਕਿਤਾਬ ਤੋਂ ਬਾਅਦ ਟਰੰਪ ਦਾ H-1B ਵੀਜ਼ਾ ਪ੍ਰਤੀ ਸੰਵੇਦਨਸ਼ੀਲ ਨਜ਼ਰੀਆ ਉਸ ਦੇ ਜਨਤਕ ਵਿਚਾਰਾਂ ਤੋਂ ਬਿਲਕੁਲ ਉਲਟ ਸਿੱਧ ਹੋ ਰਿਹਾ ਜਾਪਦਾ ਹੈ। ਤਾਜ਼ਾ ਮੀਡੀਆ ਰਿਪੋਰਟਸ ਵਿੱਚ ਇਹ ਪਤਾ ਲੱਗਾ ਹੈ ਕਿ ਅਮਰੀਕਾ H-1B ਵੀਜ਼ਾ ਧਾਰਕਾਂ ਨੂੰ ਮਿਆਦ ਵਿੱਚ ਵਾਧਾ ਕਰਨ 'ਤੇ ਰੋਕ ਲਾਉਣ ਬਾਰੇ ਵਿਚਾਰ ਕਰ ਰਿਹਾ ਹੈ। ਇਹ ਕਦਮ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਪ੍ਰਚਾਰ ਦੌਰਾਨ ਟਰੰਪ ਨੇ ਲੋਕਾਂ ਨੂੰ "ਅਮਰੀਕੀ ਖ਼ਰੀਦੋ ਤੇ ਅਮਰੀਕੀਆਂ ਨੂੰ ਰੁਜ਼ਗਾਰ ਦਿਓ" ਦੀ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਹੋ ਸਕਦਾ ਹੈ।