ਮੁੰਬਈ- ਆਸਮਾਨ ਵਿੱਚ ਇਕ ਵੱਡਾ ਜਹਾਜ਼ ਹਾਦਸਾ ਹੋਣ ਤੋਂ ਬਚ ਗਿਆ। ਲੰਡਨ ਤੋਂ ਮੁੰਬਈ ਆਉਂਦੇ ਜੈੱਟ ਏਅਰਵੇਜ਼ ਦੇ ਜਹਾਜ਼ ਦੇ ਪਾਇਲਟ ਆਸਮਾਨ ਵਿੱਚ ਲੜ ਕੇ ਹੱਥੋਪਾਈ ਹੋ ਗਏ। ਇਸ ਬਾਰੇ ਦੋਸ਼ ਲਾਇਆ ਗਿਆ ਹੈ ਕਿ ਪਾਇਲਟਾਂ ਵਿਚਾਲੇ ਆਪੋ ਵਿੱਚ ਹੱਥੋਪਾਈ ਤੋਂ ਬਾਅਦ ਥੱਪੜਬਾਜ਼ੀ ਵੀ ਹੋਈ। ਦੱਸਿਆ ਗਿਆ ਹੈ ਕਿ ਪਾਇਲਟ ਤੇ ਕੋ-ਪਾਇਲਟ ਆਪੋ ਵਿੱਚ ਪਤੀ-ਪਤਨੀ ਹਨ। ਦੋਵਾਂ ਵਿਚਾਲੇ ਉਸ ਵੇਲੇ ਕਾਕਪਿਟ ਵਿੱਚ ਝਗੜਾ ਹੋ ਗਿਆ, ਜਦੋਂ ਜਹਾਜ਼ ਹਵਾ ਵਿੱਚ ਸੀ ਤੇ ਉਸ ਵਿੱਚ 300 ਯਾਤਰੀ ਸਫਰ ਕਰ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਓਦੋਂ ਹੋਈ, ਜਦੋਂ ਜੈੱਟ ਏਅਰਵੇਜ਼ ਫਲਾਈਟ 9 ਡਬਲਯੂ 119 ਲੰਡਨ ਤੋਂ ਉਡਾਣ ਭਰਨ ਪਿੱਛੋਂ ਮੁੰਬਈ ਆ ਰਹੀ ਸੀ। ਜਹਾਜ਼ ਜਦੋਂ ਆਸਮਾਨ ਵਿੱਚ ਸੀ ਤਾਂ ਪਾਇਲਟ ਪਤੀ-ਪਤਨੀ ਦੀ ਲੜਾਈ ਹੋ ਗਈ। ਇਸ ਦੌਰਾਨ ਉਹ ਹੱਥੋ-ਪਾਈ ਹੋਏ ਅਤੇ ਕਾਕਪਿਟ ਵਿੱਚ ਭਿੜ ਪਏ। ਫਿਰ ਮਹਿਲਾ ਪਾਇਲਟ ਕਾਕਪਿਟ ਤੋਂ ਰੋਂਦੀ ਹੋਈ ਬਾਹਰ ਆ ਗਈ ਤਾਂ ਹਲਚਲ ਮੱਚ ਗਈ।
ਜਹਾਜ਼ ਦੇ ਕਰਿਊ ਦੇ ਸੀਨੀਅਰ ਮੈਂਬਰਾਂ ਦੇ ਸਮਝਾਉਣ ਪਿੱਛੋਂ ਉਹ ਪਾਇਲਟ ਕਾਕਪਿਟ ਵਿੱਚ ਵਾਪਸ ਚਲੀ ਗਈ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।ਬਾਅਦ ਵਿੱਚ ਜੈੱਟ ਏਅਰਵੇਜ਼ ਨੇ ਦੱਸਿਆ ਕਿ ਲੰਡਨ ਤੋਂ ਮੁੰਬਈ ਆ ਰਹੀ ਫਲਾਈਟ 9ਡਬਲਯੂ 119 ਦੇ ਵਿੱਚ ਪਾਇਲਟ ਅਤੇ ਕੋ-ਪਾਇਲਟ ਵਿਚਾਲੇ ਕਿਸੇ ਗਲਤਫਹਿਮੀ ਕਾਰਨ ਵਿਵਾਦ ਹੋਇਆ ਅਤੇ ਉਨ੍ਹਾਂ ਦਾ ਝਗੜਾ ਹੋ ਗਿਆ ਸੀ, ਜਿਸ ਨੂੰ ਜਲਦੀ ਸੁਲਝਾ ਲਿਆ ਗਿਆ ਅਤੇ ਜਹਾਜ਼ ਨੂੰ ਸੁਰੱਖਿਅਤ ਮੁੰਬਈ ਉਤਾਰਿਆ ਗਿਆ।
ਜਹਾਜ਼ ਵਿੱਚ ਚਾਲਕ ਦਲ ਦੇ 14 ਮੈਂਬਰਾਂ ਸਮੇਤ 324 ਲੋਕ ਸਵਾਰ ਸਨ। ਜਹਾਜ਼ ਲੈਂਡ ਕਰਨ ਤੋਂ ਬਾਅਦ ਪਾਇਲਟ ਪਤੀ-ਪਤਨੀ ਨੂੰ ਡਿਊਟੀ ਤੋਂ ਹਾਲ ਦੀ ਘੜੀ ਹਟਾ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।