ਇਸਲਾਮਾਬਾਦ- ਪਾਕਿਸਤਾਨ ‘ਚ ਹਿੰਦੂ ਔਰਤਾਂ ਦੀ ਜ਼ਬਰਦਸਤੀ ਧਰਮ ਤਬਦੀਲੀ ਦੀਆਂ ਖਬਰਾਂ ਪਿੱਛੋਂ ਇਸ ਭਾਈਚਾਰੇ ਦੀ ਇਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸਿੰਧ ਹਾਈ ਕੋਰਟ ਨੇ ਇਸ ਦਾ ਖੁਦ ਨੋਟਿਸ ਲੈਂਦੇ ਹੋਏ ਪੀੜਤ ਔਰਤ ਨੂੰ ਸੁਰੱਖਿਆ ਦੇਣ ਅਤੇ ਦੋਸ਼ੀ ਦੇ ਖਿਲਾਫ ਕਾਰਵਾਈ ਦਾ ਹੁਕਮ ਦਿੱਤਾ ਹੈ। ਔਰਤ ਨਾਲ ਪਿਛਲੇ ਮਹੀਨੇ ਬਲਾਤਕਾਰ ਕੀਤਾ ਗਿਆ ਸੀ, ਪਰ ਰਸੂਖਦਾਰ ਪਰਵਾਰ ਨਾਲ ਸੰਬੰਧ ਰੱਖਣ ਕਾਰਨ ਦੋਸ਼ੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਡਾਨ ਨਿਊਜ਼ ਦੇ ਮੁਤਾਬਕ ਸਿੰਧ ਹਾਈ ਕੋਰਟ ਦੇ ਚੀਫ ਜਸਟਿਸ ਅਹਿਮਦ ਅਲੀ ਐਮ ਸ਼ੇਖ ਨੇ ਸੂਬੇ ਦੇ ਉਮਰਕੋਟ ਜ਼ਿਲੇ ਦੇ ਕੁਨਰੀ ਇਲਾਕੇ ‘ਚ ਹੋਏ ਬਲਾਤਕਾਰ ਦੇ ਕੇਸ ਦਾ ਖੁਦ ਨੋਟਿਸ ਲਿਆ। ਉਨ੍ਹਾਂ ਨੇ ਮੀਰਪੁਰ ਖਾਸ ਦੇ ਡੀ ਆਈ ਜੀ ਅਤੇ ਉਮਰਕੋਟ ਦੇ ਐਸ ਪੀ ਨੂੰ ਪੀੜਤ ਔਰਤ ਅਤੇ ਉਸ ਦੇ ਪਰਵਾਰ ਨੂੰ ਸੁਰੱਖਿਆ ਦੇਣ ਦਾ ਹੁਕਮ ਅਤੇ ਦੋਸ਼ੀ ਵਿਰੁੱਧ ਕਾਰਵਾਈ ਦਾ ਹੁਕਮ ਦਿੱਤਾ।
ਇਸ ਤੋਂ ਪਹਿਲਾਂ ਉਮਰਕੋਟ ਦੇ ਐਸ ਪੀ ਉਸਮਾਨ ਇਜਾਜ ਬਾਜਵਾ ਨੇ ਕੋਰਟ ਨੂੰ ਕਿਹਾ ਕਿ ਡੀ ਆਈ ਜੀ ਨੇ ਇਸ ਕੇਸ ਦੀ ਨਿਰਪੱਖ ਜਾਂਚ ਲਈ ਇਕ ਕਮੇਟੀ ਬਣਾਈ ਹੈ। ਨਬੀਸਾਰ ਥਾਣੇ ਵਿੱਚ ਕੇਸ ਦਰਜ ਕਰ ਕੇ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੈਡੀਕਲ ਜਾਂਚ ‘ਚ ਔਰਤਾਂ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ ਹੈ।