ਵਾਸ਼ਿੰਗਟਨ- ਪਾਕਿਸਤਾਨ ਦੀ ਫੌਜੀ ਮਦਦ ਰੋਕੇ ਜਾਣ ਪਿੱਛੋਂ ਅਮਰੀਕਾ ਨੇ ਨਵਾਂ ਝਟਕਾ ਦਿੰਦੇ ਹੋਏ ਪਾਕਿਸਤਾਨ ਨੂੰ ਵਿਸ਼ੇਸ਼ ਨਿਗਰਾਨੀ ਸੂਚੀ ਵਿੱਚ ਵੀ ਸ਼ਾਮਲ ਕਰ ਦਿੱਤਾ ਹੈ। ਅਮਰੀਕਾ ਨੇ ਧਾਰਮਿਕ ਆਜ਼ਾਦੀ ਦੀ ਗੰਭੀਰ ਉਲੰਘਣਾ ਕਾਰਨ ਪਾਕਿਸਤਾਨ ਨੂੰ ਵਿਸ਼ੇਸ਼ ਨਿਗਰਾਨੀ ਸੂਚੀ ਵਿੱਚ ਰੱਖਿਆ ਹੈ। ਇਹ ਐਲਾਨ ਉਸ ਵੇਲੇ ਕੀਤਾ ਗਿਆ ਹੈ, ਜਦੋਂ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ 10 ਦੇਸ਼ਾਂ ਨੂੰ ਖਾਸ ਚਿੰਤਾ ਵਾਲੇ ਦੇਸ਼ਾਂ (ਸੀ ਪੀ ਸੀ) ਦੀ ਇੱਕ ਵਿਸ਼ੇਸ਼ ਨਿਗਰਾਨੀ ਸੂਚੀ ਵਿੱਚ ਮੁੜ ਕੇ ਸ਼ਾਮਿਲ ਕੀਤਾ ਹੈ।
ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਹੀਦਰ ਨੌਆਰਟ ਨੇ ਦੱਸਿਆ ਕਿ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਪਾਕਿਸਤਾਨ ਨੂੰ ਧਾਰਮਿਕ ਆਜ਼ਾਦੀ ਦੀ ਗੰਭੀਰ ਉਲੰਘਣਾ ਬਾਰੇ ਵਿਸ਼ੇਸ਼ ਨਿਗਰਾਨੀ ਸੂਚੀ ਵਿੱਚ ਪਾ ਦਿੱਤਾਾ ਹੈ। ਬੁਲਾਰੇ ਦੇ ਮੁਤਾਬਕ ਦੁਨੀਆ ਭਰ ਵਿੱਚ ਕਈ ਸਥਾਨਾਂ ਉੱਤੇ ਲੋਕਾਂ ਨੂੰ ਆਪਣੇ ਧਰਮ ਦੀ ਆਜ਼ਾਦੀ ਦਾ ਪਾਲਣ ਕਰਨ ਉੱਤੇ ਅਜੇ ਤੱਕ ਵੀ ਪ੍ਰੇਸ਼ਾਨ ਕੀਤਾ ਜਾਂਦਾ ਅਤੇ ਉਨ੍ਹਾਂ ਨੂੰ ਸੀਖਾਂ ਪਿੱਛੇ ਜਾਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ ਐਕਟ 1998 ਅਨੁਸਾਰ ਵਿਦੇਸ਼ ਮੰਤਰੀ ਹਰ ਸਾਲ ਉਨ੍ਹਾਂ ਸਰਕਾਰਾਂ ਨੂੰ ਖਾਸ ਚਿੰਤਾ ਵਾਲੇ ਦੇਸ਼ਾਂ ਦੇ ਰੂਪ ਵਿੱਚ ਨੋਟ ਕਰਦੇ ਹਨ, ਜੋ ਧਾਰਮਿਕ ਆਜ਼ਾਦੀ ਦੀ ਗੰਭੀਰ ਉਲੰਘਣਾ ਕਰਦੇ ਜਾਂ ਇਸ ਆਜ਼ਾਦੀ ਨੂੰ ਨਜ਼ਰ ਅੰਦਾਜ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਟਿਲਰਸਨ ਨੇ ਬਰਮਾ, ਚੀਨ, ਈਰਾਨ, ਇਰੀਟੀਰੀਆ, ਉੱਤਰੀ ਕੋਰੀਆ, ਸੁਡਾਨ, ਸਾਉਦੀ ਅਰਬ, ਤਾਜਿਕਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਨੂੰ 22 ਦਸੰਬਰ, 2017 ਨੂੰ ਸੀ ਪੀ ਸੀ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।
ਇਸ ਤੋਂ ਪਹਿਲਾਂ ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਦੇਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਵਰਨਣ ਯੋਗ ਹੈ ਕਿ ਪਾਕਿਸਤਾਨ ਵਿੱਚ ਧਾਰਮਿਕ ਆਜ਼ਾਦੀ ਦੀ ਉਲੰਘਣਾ ਬਾਰੇ ਕਈ ਸ਼ਿਕਾਇਤਾਂ ਆਉਂਦੀਆ ਰਹਿੰਦੀਆਂ ਹਨ। ਉਥੇ ਖਾਸ ਤੌਰ ਉੱਤੇ ਇਸਾਈ ਅਤੇ ਹਿੰਦੂ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਪੁਲਿਸ ਤੇ ਕਈ ਸੰਗਠਨਾਂ ਵਲੋਂ ਘੱਟ ਗਿਣਤੀ ਹਿੰਦੂ ਅਤੇ ਇਸਾਈ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚਿਆਂ ਦਾ ਸ਼ੋਸਣ ਕੀਤਾ ਜਾਂਦਾ ਹੈ।