ਵਾਸ਼ਿੰਗਟਨ: ਅਮਰੀਕਾ ਨੇ ਪਾਕਿਸਤਾਨ ਨੂੰ 1.15 ਅਰਬ ਅਮਰੀਕੀ ਡਾਲਰ ਦੀ ਸੁਰੱਖਿਆ ਸਹਾਇਤਾ ਤੇ ਫ਼ੌਜੀ ਸਾਜ਼ੋ-ਸਾਮਾਨ ਦੀ ਡਲਿਵਰੀ ਰੋਕ ਦਿੱਤੀ ਹੈ। ਅਮਰੀਕਾ ਨੇ ਇਹ ਫੈਸਲਾ ਪਾਕਿਸਤਾਨ ਦੇ ਅਤਿਵਾਦੀ ਜਥੇਬੰਦੀਆਂ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਨੂੰ ਨੱਥ ਪਾਉਣ ਅਤੇ ਉਨ੍ਹਾਂ ਦੀਆਂ ਸੁਰੱਖਿਅਤ ਠਾਹਰਾਂ ਨੂੰ ਢਹਿ-ਢੇਰੀ ਕਰਨ ’ਚ ਨਾਕਾਮ ਰਹਿਣ ਤੋਂ ਖ਼ਫਾ ਹੋ ਕੇ ਕੀਤਾ ਹੈ।
ਵਿਦੇਸ਼ ਵਿਭਾਗ ਦੇ ਤਰਜਮਾਨ ਹੀਥਰ ਨੌਰਟ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਦੀ ਇਸ ਕਾਰਵਾਈ ਦਾ ਪਾਕਿਸਤਾਨ ਵੱਲੋਂ ਮੁੰਬਈ ਹਮਲਿਆਂ ਦੇ ਸਾਜ਼ਿਸ਼ਘਾੜੇ ਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੇਂ ਵਰ੍ਹੇ ਮੌਕੇ ਟਵੀਟ ’ਚ ਪਾਕਿਸਤਾਨ ’ਤੇ ਦੋਸ਼ ਲਾਇਆ ਸੀ ਕਿ ਪਿਛਲੇ 15 ਸਾਲਾਂ ਦੌਰਾਨ 33 ਅਰਬ ਡਾਲਰ ਦੀ ਸਹਾਇਤਾ ਦੇ ਬਦਲੇ ’ਚ ਉਸ ਨੇ ਅਮਰੀਕਾ ਨੂੰ ‘ਝੂਠ ਤੇ ਧੋਖਾ’ ਅਤੇ ਅਤਿਵਾਦੀਆਂ ਨੂੰ ‘ਸੁਰੱਖਿਅਤ ਠਾਹਰਾਂ’ ਮੁਹੱਈਆ ਕਰਾਉਣ ਬਿਨਾਂ ਹੋਰ ਕੱਖ ਨਹੀਂ ਕੀਤਾ।
ਰੋਕੀ ਗਈ ਰਾਸ਼ੀ ’ਚ ਵਿੱਤੀ ਵਰ੍ਹੇ 2016 ਲਈ ਵਿਦੇਸ਼ੀ ਫ਼ੌਜੀ ਫੰਡ (ਐਫਐਮਐਫ) ਦੇ 25.5 ਕਰੋੜ ਵੀ ਸ਼ਾਮਲ ਹਨ। ਰੱਖਿਆ ਵਿਭਾਗ ਨੇ ਪਾਕਿਸਤਾਨ ਨੂੰ ਵਿੱਤੀ ਵਰ੍ਹੇ 2017 ਲਈ ਗੱਠਜੋੜ ਸਮਰਥਨ ਫੰਡ (ਸੀਐਸਐਫ) ਦੇ ਕੁੱਲ 90 ਕਰੋੜ ਰੁਪਏ ਅਤੇ ਪਿਛਲੇ ਵਿੱਤੀ ਵਰ੍ਹੇ ’ਚ ਖਰਚਣ ਖੁਣੋਂ ਰਹੀ ਹੋਰ ਰਾਸ਼ੀ ਵੀ ਰੋਕ ਲਈ ਹੈ।