ਵਾਸ਼ਿੰਗਟਨ: ਹਾਲੀਵੁੱਡ ਦੇ ਸੁਪਰ ਸਟਾਰ ਸਿਲਵੈਸਟਰ (Sylvester) ਭਾਰਤ ਸਮੇਤ ਪੂਰੀ ਦੁਨੀਆ ਵਿੱਚ ਮਕਬੂਲ ਹਨ। ਉਨ੍ਹਾਂ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ। ਪਰ ਇੱਕ ਸਮਾਂ ਸੀ ਜਦੋਂ ਉਨ੍ਹਾਂ ਕੋਲ ਘਰ ਦਾ ਕਿਰਾਇਆ ਦੇਣ ਲਈ ਵੀ ਪੈਸੇ ਨਹੀਂ ਸੀ। ਇੱਕ ਵਾਰ ਜਦੋਂ ਉਨ੍ਹਾਂ ਕੋਲ ਖਾਣ ਲਈ ਵੀ ਪੈਸੇ ਨਹੀਂ ਬਚੇ ਸੀ ਤਾਂ ਉਨ੍ਹਾਂ ਮਜਬੂਰੀ ਵਿੱਚ ਆਪਣੇ ਕੁੱਤੇ ਨੂੰ 1700 ਰੁਪਏ ਵਿੱਚ ਵੇਚ ਦਿੱਤਾ ਸੀ। ਕੁੱਤੇ ਨੂੰ ਵੇਚਣ ਬਾਅਦ ਉਹ ਬੇਹੱਦ ਰੋਂਦੇ ਹੋਏ ਆਪਣੇ ਘਰ ਵਾਪਸ ਆਏ।



ਪਰ ਫ਼ਿਲਮ 'ਰੌਕੀ' ਦੇ ਹਿੱਟ ਹੋਣ ਬਾਅਦ ਸਿਲਵੈਸਟਰ ਬੁਲੰਦੀਆਂ 'ਤੇ ਪਹੁੰਚ ਗਏ। ਹੁਣ ਉਨ੍ਹਾਂ ਕੋਲ ਪੈਸਾ, ਸ਼ੋਹਰਤ ਸਭ ਸੀ। ਫਿਰ ਕਾਮਯਾਬੀ ਹਾਸਲ ਕਰਨ ਬਾਅਦ ਸਿਲਵੈਸਟਰ ਨੇ ਜਿਸ ਦੁਕਾਨ 'ਤੇ ਆਪਣਾ ਕੁੱਤਾ ਵੇਚਿਆ ਸੀ, ਉਸ ਦੇ ਕਈ ਚੱਕਰ ਲਾਏ। ਬਹੁਤ ਤਲਾਸ਼ ਕਰਨ ਬਾਅਦ ਉਨ੍ਹਾਂ ਦਾ ਕੁੱਤਾ ਉਨ੍ਹਾਂ ਨੂੰ ਵਾਪਸ ਮਿਲ ਗਿਆ, ਪਰ ਕੁੱਤੇ ਦੇ ਮਾਲਕ ਨੇ ਉਨ੍ਹਾਂ ਕੋਲੋਂ 15 ਹਜ਼ਾਰ ਡਾਲਰ, ਯਾਨੀ ਕਰੀਬ 10 ਲੱਖ ਰੁਪਏ ਦੀ ਮੰਗ ਕੀਤੀ।



ਹੁਣ ਸਿਲਵੈਸਟਰ ਨੇ ਖ਼ੁਸ਼ੀ-ਖ਼ੁਸ਼ੀ ਪੈਸੇ ਦੇ ਕੇ ਆਪਣੇ ਕੁੱਤੇ ਨੂੰ ਵਾਪਸ ਲੈ ਲਿਆ। ਹਾਲ ਹੀ ਵਿੱਚ ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਪਿਆਰੇ ਕੁੱਤੇ ਨਾਲ ਖ਼ੁਦ ਦੀ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਦੇ ਨਾਲ ਹੀ ਉਨ੍ਹਾਂ ਇਹ ਕਿੱਸਾ ਵੀ ਬਿਆਨ ਕੀਤਾ। ਇਹ ਕਹਾਣੀ ਲੋਕਾਂ ਨੂੰ ਕਿਸੇ ਫ਼ਿਲਮ ਵਾਂਗ ਲੱਗੀ। ਕਿਹਾ ਜਾਂਦਾ ਹੈ ਕਿ ਇਕ ਵਾਰ ਉਨ੍ਹਾਂ ਆਪਣੀ ਪਤਨੀ ਦੇ ਗਹਿਣੇ ਵੀ ਚੁਰਾਏ ਸੀ, ਜਿਸ ਨਾਲ ਉਹ ਕੋਈ ਕਾਰੋਬਾਰ ਸ਼ੁਰੂ ਕਰ ਸਕਣ।