Afghanistan Crisis: ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਕੌਮੀ ਸੁਰੱਖਿਆ ਦਲ ਨੇ ਰਾਸ਼ਟਰਪਤੀ ਨੂੰ ਚੌਕਸ ਕੀਤਾ ਹੈ ਕਿ ਕਾਬੁਲ ਵਿੱਚ ਇੱਕ ਹੋਰ ਅੱਤਵਾਦੀ ਹਮਲੇ ਦਾ ਖ਼ਦਸ਼ਾ ਹੈ। ਇਸ ਲਈ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਦੇ ਹਵਾਈ ਅੱਡੇ 'ਤੇ ਸੁਰੱਖਿਆ ਦੇ ਸਰਵੋਤਮ ਉਪਾਅ ਕੀਤੇ ਜਾਣ।
ਵ੍ਹਾਈਟ ਹਾਊਸ ਦੇ ਬੁਲਾਰੇ ਜੇਨ ਸਾਕੀ ਨੇ ਬਾਈਡਨ ਦੀ ਟੀਮ ਰਾਹੀਂ ਰਾਸ਼ਟਰਪਤੀ ਨੂੰ ਜਾਣਕਾਰੀ ਦਾ ਕਾਫੀ ਹਿੱਸਾ ਜਨਤਕ ਨਹੀਂ ਕੀਤਾ। ਇਸ ਤੋਂ ਇੱਕ ਦਿਨ ਪਹਿਲਾਂ ਕਾਬੁਲ ਹਵਾਈ ਅੱਡੇ ਕੋਲ ਹੋਏ ਧਮਾਕਿਆਂ ਵਿੱਚ ਅਮਰੀਕਾ ਦੇ 13 ਫ਼ੌਜੀ ਮਾਰੇ ਗਏ ਸਨ। ਸਾਕੀ ਨੇ ਦੱਸਿਆ ਕਿ ਅਫ਼ਗ਼ਾਨਿਸਤਾਨ ਤੋਂ ਅਮਰੀਕੀਆਂ ਤੇ ਉੱਥੋਂ ਨਿੱਕਲਣ ਦੇ ਇਛੁੱਕ ਅਫ਼ਗ਼ਾਨਾਂ ਲਈ ਆਉਣ ਵਾਲੇ ਕੁਝ ਦਿਨ ਜੋਖ਼ਮ ਭਰੇ ਹੋਣਗੇ।
ਉੱਥੇ ਹੀ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਦੱਸਿਆ ਕਿ ਸੰਯੁਕਤ ਰਾਜ ਅਮਰੀਕਾ ਕਾਬੁਲ ਹਵਾਈ ਅੱਡੇ ਨੂੰ ਵਾਪਸ ਅਫ਼ਗ਼ਾਨੀਆਂ ਦੇ ਹਵਾਲੇ ਕਰ ਦੇਵੇਗਾ। ਇਸ ਤੋਂ ਪਹਿਲਾਂ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਸੀ ਕਿ ਉਨ੍ਹਾਂ ਕਾਬੁਲ ਹਵਾਈ ਅੱਡੇ ਦੇ ਕੁਝ ਹਿੱਸਿਆਂ ਨੂੰ ਕਾਬੂ ਕਰ ਲਿਆ ਹੈ। ਅਮਰੀਕਾ ਕੋਲ ਅਫ਼ਗ਼ਾਨਿਸਤਾਨ ਤੋਂ ਬਾਹਰ ਜਾਣ ਲਈ 31 ਅਗਸਤ ਦਾ ਸਮਾਂ ਹੈ।
ਪਿਛਲੇ ਦਿਨ ਹੋਏ ਸਨ ਤਿੰਨ ਲੜੀਵਾਰ ਧਮਾਕੇ
ਜ਼ਿਕਰਯੋਗ ਹੈ ਕਿ ਅਫ਼ਗ਼ਾਨਿਸਤਾਨ ਦੇ ਕਾਬੁਲ ਹਵਾਈ ਅੱਡੇ ਦੇ ਬਾਹਰ ਇੱਕ ਤੋਂ ਬਾਅਦ ਇੱਕ ਤਿੰਨ ਲੜੀਵਾਰ ਧਮਾਕਿਆਂ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ, ਜਿਨ੍ਹਾਂ ਵਿੱਚ ਤਕਰੀਬਨ 90 ਅਫ਼ਗ਼ਾਨੀ ਨਾਗਰਿਕ ਹਨ। 150 ਤੋਂ ਵੱਧ ਲੋਕ ਇਨ੍ਹਾਂ ਧਮਾਕਿਆਂ ਵਿੱਚ ਜ਼ਖ਼ਮੀ ਵੀ ਹੋਏ ਹਨ। ਮ੍ਰਿਤਕਾਂ ਵਿੱਚ 13 ਅਮਰੀਕੀ ਫ਼ੌਜੀ ਵੀ ਸ਼ਾਮਲ ਹਨ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਫ਼ਗ਼ਾਨਿਸਤਾਨ ਦੇ ਕਾਬੁਲ ਹਵਾਈ ਅੱਡੇ 'ਤੇ ਹੋਏ ਦਹਿਸ਼ਤਗਰਦੀ ਧਮਾਕਿਆਂ ਵਿੱਚ ਮਾਰੇ ਗਏ ਫ਼ੌਜੀਆਂ ਦੇ ਸਨਮਾਨ ਵਜੋਂ 30 ਅਗਸਤ ਦੀ ਸ਼ਾਮ ਤੱਕ ਅਮਰੀਕਾ ਦਾ ਕੌਮੀ ਝੰਡਾ ਅੱਧਾ ਝੁਕਿਆ ਹੋਇਆ ਰਹੇਗਾ।