US Visa Fee Hike: ਨਵੇਂ ਸਾਲ 'ਚ ਅਮਰੀਕਾ ਨੇ ਵੀ ਹੁਣ ਦੁਨੀਆ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਅਮਰੀਕਾ ਦਾ ਇੰਮੀਗ੍ਰੇਸ਼ਨ ਵਿਭਾਗ ਵੀਜ਼ਾ ਦੀਆਂ ਫੀਸਾਂ 'ਚ ਭਾਰੀ ਵਾਧਾ ਕਰਨ ਜਾ ਰਿਹਾ ਹੈ। ਇਸ ਵਾਧੇ ਵਿੱਚ H-1 B ਵੀਜ਼ਾ ਤੋਂ ਲੈ ਕੇ ਵਿਜ਼ਟਰ ਵੀਜ਼ਾ ਸਭ ਪ੍ਰਭਾਵੀਤ ਹੋਣਗੇ। ਵਧਾਈਆਂ ਗਈਆਂ ਫੀਸਾਂ ਇਸੇ ਹੀ ਸਾਲ ਇੱਕ ਅਪ੍ਰੈਲ ਤੋਂ ਲਾਗੂ ਹੋਣਗੀਆਂ। 



H-1 B ਵੀਜ਼ਾ 


ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਮੁਤਾਬਕ H-1 B ਵੀਜ਼ਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਵਾਸਤੇ ਮੌਜੂਦਾ ਸਮੇਂ ਵਿਚ ਸਿਰਫ 10 ਡਾਲਰ ਦੇਣੇ ਪੈਂਦੇ ਹਨ ਪਰ ਪਹਿਲੀ ਅਪ੍ਰੈਲ ਤੋ 215 ਡਾਲਰ ਖਰਚ ਕਰਨੇ ਹੋਣਗੇ। ਐਚ 1ਬੀ ਵੀਜ਼ਾ ਦੀ ਬੁਨਿਆਦੀ ਫੀਸ 460 ਡਾਲਰ ਤੋਂ ਵਧਾ ਦੇ 780 ਡਾਲਰ ਕਰ ਦਿਤੀ ਗਈ ਹੈ।



L-1 B ਵੀਜ਼ਾ


ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਮੁਤਾਬਕ ਮੌਜੂਦਾ ਸਮੇਂ L-1 B ਵੀਜ਼ਾ ਫੀਸ 460 ਡਾਲਰ ਵਸਲ ਕੀਤੀ ਜਾ ਰਹੀ ਹੈ ਪਰ ਪਹਿਲੀ ਅਪ੍ਰੈਲ ਤੋਂ 1,385 ਡਾਲਰ ਦੇਣੇ ਹੋਣਗੇ। 


 


Immigrant Investor EB-5 ਵੀਜ਼ਾ 


Immigrant Investor ਵੀਜ਼ਾ EB-5 ਦੀ ਫੀਸ ਵੀ ਵਧਾ ਦਿੱਤੀ ਗਈ ਹੈ। ਮੌਜੂਦਾ ਸਮੇਂ  EB-5 ਵੀਜ਼ਾ ਦੀ ਫੀਸ 3,675 ਡਾਲਰ ਲਈ ਜਾਂਦੀ ਸੀ ਜੋ ਹੁਣ ਵਧਾ ਕੇ 11,160 ਡਾਲਰ ਕੀਤੀ ਜਾ ਰਹੀ ਹੈ।  ਨਿਵੇਸ਼ ਵੀਜ਼ੇ ਅਧੀਨ 5 ਲੱਖ ਡਾਲਰ ਖਰਚ ਕਰਦਿਆਂ ਅਮਰੀਕਾ ਵਿਚ ਪੱਕੇ ਤੌਰ 'ਤੇ ਰਿਹਾਇਸ਼ ਹਾਸਲ ਕੀਤੀ ਜਾ ਸਕਦੀ ਹੈ, ਬਾਸ਼ਰਤੇ ਨਿਵੇਸ਼ ਕਰਨ ਵਾਲਾ 10 ਅਮਰੀਕੀਆਂ ਨੂੰ ਰੁਜ਼ਗਾਰ ਦੇਣ ਦੀ ਸਮਰੱਥਾ ਰਖਦਾ ਹੋਵੇ। 


ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਮੁਤਾਬਕ 2016 ਮਗਰੋਂ ਪਹਿਲੀ ਵਾਰ ਵੀਜ਼ਾ ਫੀਸਾਂ ਵਿਚ ਵਾਧਾ ਕੀਤਾ ਗਿਆ ਹੈ। ਫੀਸ ਵਾਧੇ ਰਾਹੀ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੂੰ ਆਪਣੇ ਖਰਚੇ ਪੂਰੇ ਕਰਨ ਵਿਚ ਮਦਦ ਮਿਲੇਗੀ। ਪੱਤਰ ਮੋਤਾਬਕ ਆਨਲਾਈਨ ਅਰਜ਼ੀਆਂ ਦਾਖਲ ਕਰਨ ਵਾਲਿਆਂ ਨੂੰ 50 ਡਾਲਰ ਤੱਕ ਦੀ ਰਿਆਇਤ ਮਿਲ ਸਕਦੀ ਹੈ।


 ਆਈ 102 ਐਪਲੀਕੇਸ਼ਨ ਵਾਸਤੇ ਪਹਿਲੀ ਅਪ੍ਰੈਲ ਤੋਂ 445 ਡਾਲਰ ਦੀ ਬਜਾਏ 680 ਡਾਲਰ ਦੇਣੇ ਹੋਣਗੇ। ਇਸੇ ਤਰ੍ਹਾਂ ਆਈ 129 ਐਚ 2 ਏ ਵੀਜ਼ਾ ਅਰਜ਼ੀ ਵਾਸਤੇ 460 ਡਾਲਰ ਦੀ ਬਜਾਏ 1,090 ਡਾਲਰ ਖਰਚ ਕਰਨੇ ਹੋਣਗੇ। ਰਿਸ਼ਤੇਦਾਰਾਂ ਦਾ ਵੀਜ਼ਾ ਮੰਨੀ ਜਾਂਦੀ ਆਈ 130 ਅਰਜ਼ੀ ਵਾਸਤੇ 535 ਡਾਲਰ ਦੀ ਬਜਾਏ 710 ਡਾਲਰ ਵਸਲ ਕੀਤੇ ਜਾਣਗੇ। 


ਇੰਮੀਗ੍ਰੇਸ਼ਨ ਵਿਭਾਗ ਵੱਲੋਂ ਕੁਝ ਵੀਜ਼ਾ ਸ਼੍ਰੇਣੀ ਵਿਚ ਫੀਸ ਘਟਾਉਣ ਦਾ ਐਲਾਨ ਵੀ ਕੀਤਾ ਗਿਆ ਜਿਨ੍ਹਾਂ ਵਿਚ ਰਫਿਉਜੀ ਪ੍ਰਮੁੱਖ ਹਨ। ਪਹਿਲੀ ਅਪ੍ਰੈਲ ਤੋਂ 16 ਸਾਲ ਜਾਂ ਵੱਧ ਉਮਰ ਵਾਲਿਆਂ ਨੂੰ ਰਫਿਊਜੀ ਟ੍ਰੈਵਲ ਡਾਕੂਮੈਂਟ ਲੈਣ ਵਾਸਤੇ 220 ਡਾਲਰ ਦੀ ਬਜਾਏਂ 165 ਡਾਲਰ ਦੇਣੇ ਹੋਣਗੇ। ਡਿਪੋਰਟ ਕੀਤੇ ਲੋਕਾਂ ਨੂੰ ਅਮਰੀਕਾ ਵਿਚ ਮੁੜ ਦਾਖਲ ਹੋਣ ਦੀ ਇਜਾਜ਼ਤ ਲੈਣ ਵਾਸਤੇ ਅਰਜ਼ੀ ਦਾਖਲ ਕਰਦਿਆਂ 930 ਡਾਲਰ ਦੀ ਬਜਾਏ 1,395 ਡਾਲਰ ਦੀ ਅਦਾਇਗੀ ਕਰਨੀ ਹੋਵੇਗੀ।