ਚੰਡੀਗੜ੍ਹ: ਅਮਰੀਕਾ ਵਿੱਚ ਵੱਸਦੇ ਸਿੱਖਾਂ ਨੇ ਪਾਕਿਸਤਾਨ ਸਰਕਾਰ ਨੂੰ ਕਰਤਾਰਪੁਰ ਸਾਹਿਬ ਕੰਪਲੈਕਸ (KSC) ਦੀ ਅਸਲ ਦਿੱਖ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ। ਅਮਰੀਕੀ ਸਿੱਖ ਕੌਂਸਲ (ASC) ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਦੇਸ਼ ਤੇ ਦੁਨੀਆ ਤੋਂ ਵੱਡੀ ਗਿਣਤੀ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਦੇ ਰਹਿਣ ਲਈ ਸਰਾਂਵਾਂ ਜਾਂ ਹੋਰ ਨਿਰਮਾਣ ਕੰਪਲੈਕਸ ਤੋਂ ਕੁਝ ਦੂਰੀ ’ਤੇ ਹੀ ਬਣਾਏ ਜਾਣ ਤਾਂ ਕਿ ਗੁਰਦੁਆਰਾ ਸਾਹਿਬ ਦੀ ਕੁਦਰਤੀ ਦਿੱਖ ’ਤੇ ਕੋਈ ਅਸਰ ਨਾ ਪਏ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਆਸ-ਪਾਸ ਖੇਤ ਤੇ ਕੁਦਰਤੀ ਜ਼ਮੀਨ ਹੇਠ ਤਕਰੀਬਨ 100 ਏਕੜ ਦਾ ਰਕਬਾ ਆਉਂਦਾ ਹੈ। ਇਹ ਸਾਰੀ ਜ਼ਮੀਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਇਸ ’ਤੇ ਕਿਸੇ ਵੀ ਤਰ੍ਹਾਂ ਦੇ ਢਾਂਚੇ ਦਾ ਨਿਰਮਾਣ ਨਾ ਕੀਤਾ ਜਾਏ। ਇਸ ਨੂੰ ਆਪਣੀ ਅਸਲ ਦਿੱਖ ਵਿੱਚ ਹੀ ਰਹਿਣ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਰਾਵੀ ਦਰਿਆ ਦੇ ਆਸ-ਪਾਸ ਜੰਗਲਾਂ ਨੂੰ ਵੀ ਬਰਕਰਾਰ ਰੱਖਣ ਲਈ ਕਿਹਾ ਗਿਆ ਹੈ।

ASC ਦੇ ਪ੍ਰਧਾਨ ਗੁਰਦਾਸ ਸਿੰਘ ਤੇ ਸਿੱਖ ਇਨ ਅਮਰੀਕਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਨੇ ਪਾਕਿਸਤਾਨੀ ਖ਼ਬਰ ਚੈਨਲ ‘ਡਾਅਨ ਨਊਜ਼’ ਨੂੰ ਫੋਨ ’ਤੇ ਦੱਸਿਆ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਸਾਹਿਬ ਕੰਪਲੈਕਸ ਦੇ ਪੁਰਾਤਨ ਤੇ ਸੱਭਿਆਚਾਰਕ ਢਾਂਚੇ ਤੇ ਲਾਅਨ ਵਿੱਚ ਫੇਰਬਦਲ ਕਰ ਸਕਦੀ ਹੈ। ਇਸ ਲਈ ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਉਕਤ ਚਾਰਾਜੋਈ ਕੀਤੀ ਹੈ।