ਵਾਸ਼ਿੰਗਟਨ: ਅਮਰੀਕਾ ਵਿੱਚ ਹੋਏ ਤਾਜ਼ਾ ਅਧਿਐਨ ’ਚ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਇਸ ਮੁਤਾਬਕ ਯੂਨੀਵਰਸਿਟੀ ਦੀ ਡਿਗਰੀ ਦੇ ਆਧਾਰ ’ਤੇ ਹਿੰਦੂ ਸਭ ਤੋਂ ਵੱਧ ਪੜ੍ਹਿਆ-ਲਿਖਿਆ ਤਬਕਾ ਹੈ। ਪੀਯੂ ਰਿਸਰਚ ਸੈਂਟਰ ਵੱਲੋਂ ਕੀਤੇ ਇਸ ਅਧਿਐਨ ਵਿੱਚ ਚਾਰ ਸਾਲਾਂ ਦੀ ਡਿਗਰੀ ਨੂੰ ਪੈਮਾਨਾ ਬਣਾਇਆ ਗਿਆ ਸੀ। ਇਸ ਪਿੱਛੇ ਇਹ ਤਰਕ ਦਿੱਤਾ ਗਿਆ ਹੈ ਕਿ ਅਮਰੀਕਾ ਵਿੱਚ ਆਰਥਕ ਸਫ਼ਲਤਾ ਲਈ ਚਾਰ ਸਾਲਾਂ ਦੀ ਡਿਗਰੀ ਸਭ ਤੋਂ ਅਹਿਮ ਕਾਰਕ ਮੰਨਿਆ ਜਾਂਦਾ ਹੈ।

77 ਫੀਸਦੀ ਨਾਲ ਕਾਲਜ ਦੀ ਡਿਗਰੀ ਵਾਲੇ ਲੋਕਾਂ ਦੇ ਮਾਮਲੇ ਵਿੱਚ ਸਭ ਤੋਂ ਵੱਡੀ ਹਿੱਸੇਦਾਰੀ ਹਿੰਦੂਆਂ ਦੀ ਹੈ। ਅਮਰੀਕਾ ਵਿੱਚ ਯੂਨੀਟੇਰੀਅਨ ਨਾਂ ਦਾ ਇੱਕ ਹੋਰ ਸਮੂਹ ਹੈ ਜਿਸ ਦਾ ਕਿਸੇ ਧਰਮ ਨਾਲ ਸਿੱਧੇ ਤੌਰ ’ਤੇ ਕੋਈ ਸਬੰਧ ਨਹੀਂ। ਇਹ ਵੱਖ-ਵੱਖ ਧਰਮਾਂ ਦੇ ਧਾਰਮਕ ਗ੍ਰੰਥਾਂ ਵਿੱਚ ਵਿਸ਼ਵਾਸ ਰੱਖਦਾ ਹੈ। ਹਿੰਦੂਆਂ ਤੋਂ ਬਾਅਦ ਸਭ ਤੋਂ ਵੱਧ ਪੜ੍ਹਿਆ-ਲਿਖਿਆਂ ਦੇ ਮਾਮਲੇ ਸਬੰਧੀ ਇਹ ਤਬਕਾ ਦੂਜੇ ਨੰਬਰ ’ਤੇ ਆਉਂਦਾ ਹੈ। ਹਿੰਦੂਆਂ ਤੇ ਯੂਨੀਟੇਰੀਅਨ ਮਗਰੋਂ ਤੀਜੇ ਨੰਬਰ ’ਤੇ ਯਹੂਦਿਆਂ ਤੇ ਐਂਗਲਿਕਨ ਚਰਚ ਦੇ ਪੈਰੋਕਾਰ 59 ਫੀਸਦ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਆਉਂਦੇ ਹਨ। 56 ਫੀਸਦੀ ਨਾਲ ਐਪੀਸਕੋਪਲ ਚਰਚ ਟੌਪ ਪੰਜਾਂ ਵਿੱਚ ਸ਼ਾਮਲ ਹੈ।

ਨਾਸਤਕ ਤੇ ਐਗਨਾਸਟਿਕ 43 ਤੇ 42 ਫੀਸਦੀ ਨਾਲ ਤੀਜੇ ਤੇ ਚੌਥੇ ਸਥਾਨ ’ਤੇ ਆਉਂਦੇ ਹਨ। ਇਸ ਦੇ ਨਾਲ ਹੀ 39 ਫੀਸਦੀ ਨਾਲ ਮੁਸਲਮਾਨ ਤੇ 26 ਫੀਸਦੀ ਨਾਲ ਕੈਥੋਲਿਕ ਪੰਜਵੇਂ ਤੇ ਛੇਵੇਂ ਨੰਬਰ ’ਤੇ ਆਉਂਦੇ ਹਨ। ਅਮਰੀਕਾ ਆਪਣੀ ਜਨਸੰਖਿਆ ਦੀ ਧਰਮ ਅਧਾਰਤ ਕੋਈ ਅਧਿਕਾਰਤ ਜਨਗਣਨਾ ਨਹੀਂ ਕਰਦਾ ਪਰ ਪੀਊ ਵੱਲੋਂ 2014 ਵਿੱਚ ਕੀਤੇ ਅਧਿਐਨ ਮੁਤਾਬਕ ਅਮਰੀਕਾ ਦੀ 325 ਮਿਲੀਅਨ ਆਬਾਦੀ ਦਾ 0.7 ਫੀਸਦੀ ਹਿੰਦੂ ਹੈ। ਕੁਝ ਹੋਰ ਅੰਦਾਜ਼ੇ ਮੁਤਾਬਕ ਇਹ ਗਿਣਤੀ 2 ਤੋਂ 3 ਮਿਲੀਅਨ ਦੇ ਕਰੀਬ ਹੈ।