ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਭਾਰਤੀ ਮੂਲ ਦੇ ਅਮਿਤਾਭ ‘ਅਮਿਤ’ ਬੋਸ ਨੂੰ ਦੇਸ਼ ਦੇ ‘ਟਿਕਾਊ ਬੁਨਿਆਦੀ ਢਾਂਚੇ ਤੇ ਸਵੱਛ ਊਰਜਾ’ ਦੇ ਖੇਤਰਾਂ ਦਾ ਪ੍ਰਸ਼ਾਸਕ ਨਾਮਜ਼ਦ ਕੀਤਾ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਅਮਿਤ ਬੋਸ ਨੂੰ ਅਮਰੀਕੀ ਟ੍ਰਾਂਸਪੋਰਟੇਸ਼ਨ ਵਿਭਾਗ ’ਚ ਕੇਂਦਰੀ ‘ਰੇਲ ਰੋਡ ਪ੍ਰਸ਼ਾਸਨ’ ਦਾ ਮੁਖੀ ਨਾਮਜ਼ਦ ਕੀਤਾ ਜਾ ਰਿਹਾ ਹੈ।
ਬਿਆਨ ਅਨੁਸਾਰ ਅਮਿਤ ਬੋਸ ਨੇ ਦੇਸ਼ ਦੀ ਆਵਾਜਾਈ ਨੂੰ ਹੋਰ ਵਧੇਰੇ ਬਿਹਤਰ, ਸੁਰੱਖਿਅਤ ਤੇ ਟਿਕਾਊ ਬਣਾਉਣ ਲਈ ਲਗਪਗ ਦੋ ਦਹਾਕਿਆਂ ਤੱਕ ਸਰਕਾਰੀ ਸੇਵਾ ਕੀਤੀ ਹੈ। ਇਸ ਦੌਰਾਨ ਉਹ ਟ੍ਰਾਂਸਪੋਰਟੇਸ਼ਨ ਵਿਭਾਗ ’ਚ ਕਈ ਸੀਨੀਅਰ ਪੱਧਰ ਦੀਆਂ ਭੂਮਿਕਾਵਾਂ ਨਿਭਾਅ ਚੁੱਕੇ ਹਨ।
ਅਮਿਤ ਬੋਸ ਨੇ ਵਕਾਲਤ ਵੀ ਪਾਸ ਕੀਤੀ ਹੋਈ ਹੈ ਤੇ ਇਸ ਵੇਲੇ ਉਹ FRA ਦੇ ਉੱਪ ਪ੍ਰਸ਼ਾਸਕ ਵਜੋਂ ਕੰਮ ਕਰ ਰਹੇ ਹਨ। ਇੱਥੇ ਹੀ ਉਹ ਪਹਿਲਾਂ ਚੀਫ਼ ਕੌਂਸਲ ਤੇ ਸੀਨੀਅਰ ਸਲਾਹਕਾਰ ਵਜੋਂ ਵੀ ਕੰਮ ਕਰ ਚੁੱਕੇ ਹਨ। ‘ਇੰਡੀਆ ਵੈਸਟ’ ਦੀ ਰਿਪੋਰਟ ਅਨੁਸਾਰ ਅਮਿਤ ਬੋਸ ਪਹਿਲਾਂ 10 ਅਰਬ ਡਾਲਰ ਕੀਮਤ ਦੇ ਇੰਟਰ ਸਿਟੀ ਯਾਤਰੀ ਰੇਲ ਪ੍ਰੋਗਰਾਮ, ਅਲਕੋਹਲ ਤੇ ਡ੍ਰੱਗ ਟੈਸਟਿੰਗ ਲਾਗੂ ਕਰਨ ਲਈ ਵੀ ਆਪਣਾ ਮਾਰਗ ਦਰਸ਼ਨ ਦੇ ਚੁੱਕੇ ਸਨ।
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਵਿੱਚ ਅਮਿਤ ਬੋਸ ਐਸੋਸੀਏਟ ਜਨਰਲ ਕੌਂਸਲ ਅਤੇ ਸਰਕਾਰੀ ਮਾਮਲਿਆਂ ਦੇ ਡਿਪਟੀ ਅਸਿਸਟੈਂਟ ਸੈਕਰੇਟਰੀ ਜਿਹੇ ਅਹੁਦਿਆਂ ਉੱਤੇ ਰਹੇ ਸਨ।
ਅਮਿਤ ਬੋਸ ਪਹਿਲਾਂ ਨਿਊ ਜਰਸੀ ਦੇ ਟ੍ਰਾਂਜ਼ਿਟ ਵਿਭਾਗ ਲਈ ਵੀ ਕੰਮ ਕਰ ਚੁੱਕੇ ਹਨ। ਉਹ ਕਈ ਵੱਡੇ ਰੇਲ ਤੇ ਟ੍ਰਾਂਸਪੋਰਟੇਸ਼ਨ ਪ੍ਰੋਜੈਕਟਾਂ ਨਾਲ ਜੁੜੇ ਰਹੇ ਹਨ – ਜਿਵੇਂ ਕਿ ਨੌਰਥ ਈਸਟ ਕੌਰੀਡੋਰ ਗੇਟਵੇਅ ਪ੍ਰੋਗਰਾਮ, ਕੈਲੀਫ਼ੋਰਨੀਆ ਹਾਈ ਸਪੀਡ ਰੇਲ, ਏਸਲਾ 2021 ਟ੍ਰੇਨਸੈੱਟਸ ਅਤੇ ਲਿਬਰਟੀ ਕੌਰੀਡੋਰ। ਉਨ੍ਹਾਂ ਬੁਨਿਆਦੀ ਢਾਂਚੇ ਨਾਲ ਜੁੜੇ ਮਸਲਿਆਂ ਦਾ ਹੱਲ ਲੱਭਣ ਵਾਲੀ ਇੱਕ ਫ਼ਰਮ HNTB, ਐਡਵਾਂਸਡ ਟ੍ਰਾਂਸਪੋਰਟੇਸ਼ਨ ਤੇ ਸੁਰੱਖਿਆ ਪ੍ਰੋਜੈਕਟਾਂ ਲਈ ਵੀ ਕੰਮ ਕੀਤਾ ਹੈ।
ਅਮਿਤ ਬੋਸ 5 ਸਾਲ ਦੇ ਸਨ, ਜਦੋਂ ਆਪਣੇ ਮਾਪਿਆਂ ਨਾਲ ਭਾਰਤ ਤੋਂ ਅਮਰੀਕਾ ਆ ਗਏ ਸਨ। ਉਨ੍ਹਾਂ ਦਾ ਬਚਨ ਜਾਰਜੀਆ ਦੀ ਡੀਕਾਲਬ ਕਾਊਂਟੀ ’ਚ ਬੀਤਿਆ। ਉਨ੍ਹਾਂ ਕੋਲੰਬੀਆ ਕਾਲਜ ਤੋਂ AB ਦੀ ਡਿਗਰੀ ਹਾਸਲ ਕੀਤੀ ਤੇ ਕੋਲੰਬੀਆ ਯੂਨੀਵਰਸਿਟੀ ਤੇ ਸਕੂਲ ਆਫ਼ ਇੰਟਰਨੈਸ਼ਨਲ ਐਂਡ ਪਬਲਿਕ ਅਫ਼ੇਅਰਜ਼ ਤੋਂ MIA ਦੀ ਡਿਗਰੀ ਲਈ ਤੇ ਯੂਨੀਵਰਸਿਟੀ ਆੱਫ਼ ਜਾਰਜੀਆ ਤੋਂ JD ਦੀ ਪ੍ਰੀਖਿਆ ਵੀ ਪਾਸ ਕੀਤੀ। ਇਸ ਵੇਲੇ ਅਮਿਤ ਬੋਸ ਵਰਜੀਨੀਆ ਦੇ ਸ਼ਹਿਰ ਅਰਲਿੰਗਟਨ ’ਚ ਰਹਿ ਰਹੇ ਹਨ।