ਮਹਿਤਾਬ-ਉਦ-ਦੀਨ


ਚੰਡੀਗੜ੍ਹ: ਪਾਕਿਸਤਾਨ ਵਿੱਚ ਇੱਕ ਸਿੱਖ ਦਾ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚਰਚਾ ਹੈ ਕਿ ਇਹ ਵਿਅਕਤੀ ਸਿੱਖ ਨਹੀਂ ਬਲਕਿ ਇੱਕ ਮੁਸਲਿਮ ਨੂੰ ਇੱਕ ਸਿੱਖ ਦੇ ਭੇਸ ਵਿੱਚ ਪੇਸ਼ ਕਰਕੇ ਪ੍ਰਚਾਰ ਕਰਵਾਇਆ ਜਾ ਰਿਹਾ ਹੈ। ਸਿੱਖ ਬਣ ਕੇ ਇਹ ਵਿਅਕਤੀ ਵੀਡੀਓ ਕਲਿੱਪ ਰਾਹੀਂ ਸਿੱਖ ਕੌਮ ਨੂੰ ਆਪਣਾ ਸੰਦੇਸ਼ ਦਿੰਦਾ ਆਖ ਰਿਹਾ ਹੈ ਕਿ ਸਿੱਖਾਂ ਨੂੰ ਹੁਣ ਫ਼ਰਾਂਸ ਵਿਰੁੱਧ ਇਸਲਾਮਿਕ ਤਾਕਤਾਂ ਨਾਲ ਹੱਥ ਮਿਲਾ ਲੈਣਾ ਚਾਹੀਦਾ ਹੈ। ਉਹ ਵਿਅਕਤੀ ਫ਼ਰੈਂਚ ਉਤਪਾਦਾਂ ਦਾ ਬਾਈਕਾਟ ਕਰਨ ਦਾ ਸੱਦਾ ਵੀ ਦਿੰਦਾ ਹੈ।


ਦਰਅਸਲ, ਫ਼ਰਾਂਸ ਵਿੱਚ ਹੁਣ ਇੱਕ ਵਾਰ ਫਿਰ ਹਜ਼ਰਤ ਮੁਹੰਮਦ ਸਾਹਿਬ ਦੇ ਵਿਅੰਗਾਤਮਕ ਕਾਰਟੂਨ ਬਣਾ ਕੇ ਪੇਸ਼ ਕੀਤੇ ਗਏ ਹਨ। ਉਨ੍ਹਾਂ ਦੇ ਪ੍ਰਤੀਕਰਮ ਵਿੱਚ ਹੀ ਮੁਸਲਿਮ ਭਾਈਚਾਰਾ ਫਰਾਂਸ ਦੇ ਖਿਲਾਫ ਹੈ। ਅਸਮਾਨੀ ਰੰਗ ਦੀ ਦਸਤਾਰ ਸਜਾ ਕੇ ਇਹ ਮੁਸਲਿਮ ਵਿਅਕਤੀ ਪਹਿਲਾਂ ‘ਅਸਲਾਮਾਲੇਕੁਮ’ ਤੇ ਫਿਰ ‘ਸਤਿ ਸ੍ਰੀ ਅਕਾਲ’ ਆਖਦਾ ਹੈ। ਫਿਰ ਉਹ ਆਖਦਾ ਹੈ ਕਿ ਫ਼ਰਾਂਸ ਦੇ ਜਿਹੜੇ ਲੋਕਾਂ ਦੇ ਜੇਰੇ ਇੰਨੇ ਜ਼ਿਆਦਾ ਖੁੱਲ੍ਹ ਗਏ ਹਨ, ਉਨ੍ਹਾਂ ਨੂੰ ਜਵਾਬ ਦੇਣ ਦਾ ਇਹ ਬਿਲਕੁਲ ਸਹੀ ਸਮਾਂ ਹੈ।


ਇਹ ਵਿਅਕਤੀ ਇਹ ਵੀ ਆਖਦਾ ਹੈ ਕਿ ਉਹ ਕੁਝ ਸ਼ਾਪਿੰਗ ਮਾਲਜ਼ ’ਚ ਗਿਆ ਸੀ ਤੇ ਉੱਥੇ ਉਸ ਨੇ ਵੇਖਿਆ ਕਿ ਫ਼ਰੈਂਚ ਉਤਪਾਦਾਂ ਉੱਤੇ ‘ਬਾਈਕਾਟ’ ਦੇ ਲੇਬਲ ਲੱਗੇ ਹੋਏ ਹਨ। ਫਿਰ ਉਹ ਕਹਿੰਦਾ ਹੈ, ‘ਸਾਨੂੰ ਫ਼ਰੈਂਚ ਉਤਪਾਦ ਹੁਣ ਸੜਕਾਂ ’ਤੇ ਸੁੱਟ ਦੇਣੇ ਚਾਹੀਦੇ ਹਨ।’


ਦੱਸ ਦੇਈਏ ਕਿ ਹਾਲ ਹੀ ਵਿੱਚ ਫ਼ਰਾਂਸ ਵਿਰੁੱਧ ਵੱਡੇ ਪੱਧਰ ਉੱਤੇ ਹਿੰਸਕ ਰੋਸ ਪ੍ਰਦਰਸ਼ਨ ਵੀ ਹੋਏ ਸਨ ਤੇ ਤਦ ਫ਼ਰਾਂਸ ਦੇ ਰਾਸ਼ਟਰਪਤੀ ਇਮਾਨੂਏਲ ਮੈਕ੍ਰੌਨ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਕਾਰਟੂਨ ਛਾਪਣ ਦਾ ਪੱਖ ਲੈਂਦਿਆਂ ਇਸਲਾਮਿਕ ਵੱਖਵਾਦ ਵਿਰੁੱਧ ਜੰਗ ਜਾਰੀ ਰੱਖਣ ਦਾ ਆਪਣਾ ਸੰਕਲਪ ਦੁਹਰਾਇਆ ਸੀ।


‘ਦ ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਅਨੁਸਾਰ ਬੀਤੀ 12 ਅਪ੍ਰੈਲ ਨੂੰ ਵਿਸਾਖੀ ਮੌਕੇ ਜਦੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਭਾਰਤ ਤੋਂ ਪਾਕਿਸਤਾਨ ਗਿਆ ਸੀ, ਤਦ ਉਨ੍ਹਾਂ ਨੂੰ ਉੱਥੇ ਰੋਕ ਲਿਆ ਗਿਆ ਸੀ ਕਿਉਂਕਿ ‘ਤਹਿਰੀਕ-ਏ-ਲਬਾਇਕ ਪਾਕਿਸਤਾਨ’ ਦੇ ਕਾਰਕੁਨ ਫ਼ਰਾਂਸ ’ਚ ਪ੍ਰਕਾਸ਼ਿਤ ਤੇ ਪ੍ਰਸਾਰਿਤ ਉਨ੍ਹਾਂ ਕਾਰਟੂਨਾਂ ਦਾ ਹੀ ਜ਼ੋਰਦਾਰ ਵਿਰੋਧ ਕਰ ਰਹੇ ਸਨ।


ਵੀਡੀਓ ’ਚ ਸਿੱਖ ਬਣਿਆ ਮੁਸਲਿਮ ਵਿਅਕਤੀ ਇਹ ਵੀ ਆਖਦਾ ਹੈ ਕਿ ਇਸਲਾਮਿਕ ਜੇਹਾਦੀਆਂ ਨੂੰ ਸਿੱਖ ਕੌਮ ਦਾ ਪੂਰਾ ਸਮਰਥਨ ਹਾਸਲ ਹੈ ਤੇ ਹੁਣ ਫ਼ਰਾਂਸ ਦੇ ਲੋਕਾਂ ਨਾਲ ਬਿਲਕੁਲ ਉਹੋ ਜਿਹਾ ਵਿਵਹਾਰ ਕਰਨ ਦੀ ਜ਼ਰੂਰਤ ਹੈ, ਜਿਹੋ ਜਿਹਾ ਹਿਟਲਰ ਨੇ ਯਹੂਦੀਆਂ ਨਾਲ ਕੀਤਾ ਸੀ। ਇਹ ਵੀ ਦੱਸ ਦੇਈਏ ਕਿ 1939 ਤੋਂ ਲੈ ਕੇ 1945 ਤੱਕ ਚੱਲੇ ਦੂਜੇ ਵਿਸ਼ਵ ਯੁੱਧ ਦੌਰਾਨ ਹਿਟਲਰ ਨੇ ਲਗਪਗ 90 ਲੱਖ ਦੇ ਲਗਭਗ ਯਹੂਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਹ ਯਹੂਦੀਆਂ ਦੀ ਨਸਲ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੁੰਦਾ ਸੀ।


ਖ਼ੁਫ਼ੀਆ ਸੂਤਰਾਂ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਜਿਹੜਾ ਵਿਅਕਤੀ ਸਿੱਖ ਬਣ ਕੇ ਵੀਡੀਓ ’ਚ ਵਿਖਾਈ ਦੇ ਰਿਹਾ ਹੈ, ਉਹ ਅਸਲ ਵਿੱਚ ਕਾਸਮ ਡੋਗਰ ਨਾਂ ਦਾ ਵਿਅਕਤੀ ਹੈ, ਜੋ ਇਸ ਵਿਡੀਓ ’ਚ ਖ਼ੁਦ ਨੂੰ ਸਰਦਾਰ ਕਾਸਮ ਡੋਗਰ ਸਿੰਘ ਦੱਸ ਰਿਹਾ ਹੈ। ਉਹ ਖ਼ੁਫ਼ੀਆ ਏਜੰਸੀ ਆਈਐਸਆਈ ਦਾ ਕਰਮਚਾਰੀ ਵੀ ਰਿਹਾ ਹੈ।


ਇਹ ਝੂਠਾ ਵਿਅਕਤੀ ਵੀਡੀਓ ਸੰਦੇਸ਼ ’ਚ ਇੱਕ ਨਾਅਰਾ ਵੀ ਮਾਰਦਾ ਹੈ ‘ਗੁਸਤਾਖ਼-ਏ-ਰਸੂਲ ਕੀ ਏਕ ਹੀ ਸਜ਼ਾ, ਸਰ ਧੜ ਸੇ ਜੁਦਾ।’ ਪਹਿਲਾਂ ਅਜਿਹੀ ਵੀ ਅਫ਼ਵਾਹ ਉੱਡੀ ਸੀ ਕਿ ‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੇ ਸਾਬਕਾ ਪ੍ਰਧਾਨ ਸਵਰਗੀ ਸ਼ਾਮ ਸਿੰਘ ਇੱਕ ਮੁਸਲਿਮ ਸਨ।’


ਇਸ ਦੌਰਾਨ ‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੇ ਮੌਜੂਦਾ ਪ੍ਰਧਾਨ ਸਤਵੰਤ ਸਿੰਘ ਨਾਲ ਜਦੋਂ ਫ਼ੋਨ ’ਤੇ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਹਜ਼ਰਤ ਮੁਹੰਮਦ ਸਾਹਿਬ ਦਾ ਅਪਮਾਨ ਕੀਤਾ ਹੈ, ਉਹ ਨਿੰਦਾਯੋਗ ਹੈ। ਉਨ੍ਹਾਂ ਕਿਹਾ ਕਿ ਫ਼ਰਾਂਸ ਦੇ ਉਤਪਾਦਾਂ ਦਾ ਬਾਈਕਾਟ ਕਰਨ ਦਾ ਸੱਦਾ ਬਿਲਕੁਲ ਜਾਇਜ਼ ਹੈ ਪਰ ਨਾਲ ਹੀ ਉਨ੍ਹਾਂ ਇਹ ਪੁਸ਼ਟੀ ਕੀਤੀ ਕਿ ਕਾਸਮ ਡੋਗਰ ਇੱਕ ਸਿੱਖ ਨਹੀਂ।