ਇਜ਼ਰਾਈਲ ਨੇ ਫਿਰ ਇੱਕ ਵਾਰੀ ਈਰਾਨ ਦੀ ਰਾਜਧਾਨੀ ਤੇਹਰਾਨ 'ਤੇ ਮਿਸਾਈਲ ਹਮਲਾ ਕੀਤਾ ਹੈ। ਇਸ ਵਾਰੀ ਇਜ਼ਰਾਈਲੀ ਫੌਜ ਨੇ ਈਰਾਨ ਦੇ ਸਰਕਾਰੀ ਟੀਵੀ ਚੈਨਲ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ। ਜਦੋਂ IDF ਦੀ ਮਿਸਾਈਲ ਨੇ ਇਮਾਰਤ 'ਤੇ ਹਮਲਾ ਕੀਤਾ, ਉਸ ਵੇਲੇ ਇੱਕ ਐਂਕਰ ਨਿਊਜ਼ ਬੁਲੇਟਿਨ ਪੜ੍ਹ ਰਹੀ ਸੀ। ਮਿਸਾਈਲ ਹਮਲੇ ਤੋਂ ਬਾਅਦ ਸਟੂਡੀਓ ਵਿੱਚ ਹੜਕੰਪ ਮਚ ਗਿਆ ਅਤੇ ਐਂਕਰ ਆਪਣੀ ਸੀਟ ਛੱਡ ਕੇ ਭੱਜ ਗਈ। ਇਸ ਹਮਲੇ ਦਾ ਵੀਡੀਓ ਵੀ ਸਾਹਮਣੇ ਆ ਗਿਆ ਹੈ।
ਇਜ਼ਰਾਈਲ ਵੱਲੋਂ ਮਿਸਾਈਲ ਹਮਲਾ ਈਰਾਨ ਦੇ ਸਰਕਾਰੀ ਟੀਵੀ ਚੈਨਲ ਦੇ ਕੈਂਪਸ 'ਚ ਉਸ ਵੇਲੇ ਹੋਇਆ ਜਦੋਂ ਸਟੂਡੀਓ ਵਿੱਚ ਐਂਕਰ ਸਹਰ ਇਮਾਮੀ ਨਿਊਜ਼ ਬੁਲੇਟਿਨ ਪੜ੍ਹ ਰਹੀ ਸੀ। ਜਿਵੇਂ ਹੀ ਮਿਸਾਈਲ ਹਮਲਾ ਹੋਇਆ, ਸਟੂਡੀਓ ਕੰਬਣ ਲੱਗ ਪਿਆ। ਇਹ ਸਾਰੀ ਘਟਨਾ ਕੈਮਰੇ 'ਚ ਕੈਦ ਹੋ ਗਈ ਤੇ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹਮਲੇ ਤੋਂ ਤੁਰੰਤ ਬਾਅਦ ਐਂਕਰ ਸਹਰ ਇਮਾਮੀ ਆਪਣੀ ਜਗ੍ਹਾ ਤੋਂ ਉੱਠ ਕੇ ਸੁਰੱਖਿਅਤ ਢੰਗ ਨਾਲ ਬਾਹਰ ਨਿਕਲ ਜਾਂਦੀ ਹੈ। ਵੀਡੀਓ ਦੇ ਬੈਕਗਰਾਊਂਡ 'ਚ "ਅੱਲ੍ਹਾ ਹੁ ਅਕਬਰ" ਦੇ ਨਾਰੇ ਵੀ ਸੁਣੇ ਜਾ ਸਕਦੇ ਹਨ।
ਦੋਵੇਂ ਦੇਸ਼ਾਂ ਵਿਚਕਾਰ ਵਧਿਆ ਤਣਾਅ, ਲੋਕ ਜਾਨ ਬਚਾਉਣ ਲਈ ਭੱਜ ਰਹੇ ਨੇ
ਇਜ਼ਰਾਈਲ ਨੇ ਕਿਹਾ ਹੈ ਕਿ ਈਰਾਨ ਵੱਲੋਂ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਉਹ ਆਪਣੇ ਟੀਚੇ ਹਾਸਲ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਕਿਉਂਕਿ ਦੋਹਾਂ ਦੇਸ਼ਾਂ ਵਿਚਕਾਰ ਟਕਰਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਦੋਹਾਂ ਪਾਸਿਆਂ ਦੇ ਨਾਗਰਿਕ ਮਿਸਾਈਲਾਂ ਅਤੇ ਡਰੋਨ ਹਮਲਿਆਂ ਤੋਂ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਭੱਜ ਰਹੇ ਹਨ।
ਇਜ਼ਰਾਈਲੀ ਹਮਲਿਆਂ ਤੋਂ ਬਚਣ ਲਈ ਤੇਹਰਾਨ ਛੱਡ ਰਹੇ ਹਨ ਲੋਕ
ਇਜ਼ਰਾਈਲ ਦੇ ਹਮਲਿਆਂ ਤੋਂ ਬਚਣ ਲਈ ਈਰਾਨ ਦੇ ਨਾਗਰਿਕ ਰਾਜਧਾਨੀ ਤੇਹਰਾਨ ਨੂੰ ਛੱਡ ਕੇ ਨਿਕਲ ਰਹੇ ਹਨ। ਇਸ ਕਾਰਨ ਤੇਹਰਾਨ ਤੋਂ ਬਾਹਰ ਨਿਕਲਣ ਵਾਲੇ ਕਈ ਹਾਈਵੇਆਂ 'ਤੇ ਭਾਰੀ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ। ਕਈ ਮੀਲਾਂ ਤੱਕ ਵਾਹਨਾਂ ਦੀ ਲੰਮੀ ਲਾਈਨ ਲੱਗੀ ਹੋਈ ਹੈ। ਲੋਕ ਆਪਣੇ ਘਰ ਛੱਡ ਕੇ ਛੋਟੇ ਸ਼ਹਿਰਾਂ ਜਾਂ ਪਿੰਡਾਂ ਵੱਲ ਜਾ ਰਹੇ ਹਨ ਤਾਂ ਜੋ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਇਜ਼ਰਾਈਲ ਦੇ ਹਮਲਿਆਂ ਤੋਂ ਬਚਾ ਸਕਣ।
ਜਿਕਰਯੋਗ ਹੈ ਕਿ ਇਜ਼ਰਾਈਲ ਦੇ ਰੱਖਿਆ ਮੰਤਰਾਲੇ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਵੱਲੋਂ ਇਜ਼ਰਾਈਲ ਦੇ ਸ਼ਹਿਰਾਂ ਤੈਲ ਅਵੀਵ ਅਤੇ ਯਰੂਸ਼ਲਮ 'ਤੇ ਬੈਲਿਸਟਿਕ ਮਿਸਾਈਲਾਂ ਨਾਲ ਹਮਲੇ ਜਾਰੀ ਰਹੇ ਤਾਂ ਇਜ਼ਰਾਈਲ ਦੀ ਪ੍ਰਤੀਕ੍ਰਿਆ ਹੋਰ ਤੇਜ਼ ਅਤੇ ਘਾਤਕ ਹੋ ਸਕਦੀ ਹੈ। ਇਸ ਕਾਰਨ ਲੋਕ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।
ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਬਿਆਨ ਜਾਰੀ ਕਰਕੇ ਈਰਾਨ ਨੂੰ ਦਿੱਤੀ ਧਮਕੀ
ਸੋਮਵਾਰ, 16 ਜੂਨ ਨੂੰ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇੱਕ ਬਿਆਨ ਜਾਰੀ ਕੀਤਾ। ਆਪਣੇ ਬਿਆਨ ਵਿੱਚ ਉਨ੍ਹਾਂ ਨੇ ਕਿਹਾ, “ਜਿਵੇਂ ਈਰਾਨ ਦੇ ਖ਼ੂਨੀ ਤਾਨਾਸ਼ਾਹ ਨੇ ਇਜ਼ਰਾਈਲ ਦੇ ਨਾਗਰਿਕਾਂ ਨਾਲ ਕੀਤਾ ਹੈ, ਅਸੀਂ ਤੇਹਰਾਨ ਦੇ ਨਿਵਾਸੀਆਂ ਨੂੰ ਸਿੱਧਾ ਜ਼ਖ਼ਮੀ ਕਰਨ ਦਾ ਕੋਈ ਇਰਾਦਾ ਨਹੀਂ ਰੱਖਦੇ। ਪਰ ਤੇਹਰਾਨ ਦੇ ਲੋਕਾਂ ਨੂੰ ਆਪਣੇ ਤਾਨਾਸ਼ਾਹੀ ਹਕੂਮਤ ਦੀ ਕੀਮਤ ਤਾਂ ਚੁਕਾਉਣੀ ਹੀ ਪਵੇਗੀ। ਉਨ੍ਹਾਂ ਨੂੰ ਤੇਹਰਾਨ ਦੇ ਉਹਨਾਂ ਇਲਾਕਿਆਂ ਵਿੱਚ ਘਰ ਖਾਲੀ ਕਰਨੇ ਪੈਣਗੇ ਜਿੱਥੇ ਈਰਾਨੀ ਸ਼ਾਸਨ ਦੇ ਠਿਕਾਣਿਆਂ ਅਤੇ ਸੁਰੱਖਿਆ ਢਾਂਚਿਆਂ ਨੂੰ ਨਿਸ਼ਾਨਾ ਬਣਾਉਣਾ ਸਾਡੇ ਲਈ ਲਾਜ਼ਮੀ ਹੋਵੇਗਾ।” ਉਨ੍ਹਾਂ ਅਖੀਰ ਵਿੱਚ ਕਿਹਾ ਕਿ, “ਅਸੀਂ ਇਜ਼ਰਾਈਲ ਦੇ ਨਾਗਰਿਕਾਂ ਦੀ ਰੱਖਿਆ ਕਰਦੇ ਰਹਾਂਗੇ।”