ਬੇਰੂਤ- ਸਾਊਦੀ ਅਰਬ ਵਿੱਚ ਦੋ ਹਫਤੇ ਪਹਿਲਾ ਨਾਟਕੀ ਤਰੀਕੇ ਨਾਲ 200 ਰਾਈਸਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚ ਕਈ ਪ੍ਰਿੰਸ ਵੀ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਫੜਿਆ ਗਿਆ। ਹੁਣ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਆਲੀਸ਼ਾਨ ਹੋਟਲ ਵਿੱਚ ਹਿਰਾਸਤ ਵਿੱਚ ਰੱਖੇ ਗਏ ਇਨ੍ਹਾਂ ਰਾਈਸਾਂ ਦੇ ਖਿਲਾਫ ਇਕ ਹੋਰ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਇਨ੍ਹਾਂ ਲੋਕਾਂ ਦੀਆਂ ਅਰਬਾਂ ਡਾਲਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨਾ ਚਾਹੁੰਦੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਨ੍ਹਾਂ ਲੋਕਾਂ ਨੇ ਭਿ੍ਰਸ਼ਟਾਚਾਰ ਦੇ ਰਾਹੀਂ ਇਹ ਜਾਇਦਾਦਾਂ ਜਮ੍ਹਾ ਕੀਤੀਆਂ ਹਨ। ਸਾਊਦੀ ਅਰਬ ਦੇ ਅਧਿਕਾਰੀ ਅਤੇ ਉਨ੍ਹਾਂ ਦੇ ਸਮਰਥਕ ਇਸ ਸੰਕਟ ਕਾਲ ਦੀ ਹਿਰਾਸਤ ਨੂੰ ਉਚਿਤ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਹਿਊਮਨ ਰਾਈਟਸ ਵਾੱਚ ਦੇ ਮੱਧ ਪੂਰਬ ਦੇ ਖੋਜਕ ਰਤਾ ਏਡਮ ਕੂਗਲ ਨੇ ਕਿਹਾ, ‘ਜੇ ਸਾਊਦੀ ਅਰਬ ਦੇ ਅਧਿਕਾਰੀ ਕਿਸੇ ਦੋਸ਼ੀ ਦੇ ਬਚਾਅ ਲਈ ਕਾਨੂੰਨੀ ਮਦਦ ਨਹੀਂ ਦਿੰਦੇ ਤਾਂ ਇਸ ਕਦਮ ਨੂੰ ਜ਼ਬਰਨ ਕਾਰਵਾਈ ਹੀ ਕਿਹਾ ਜਾਵੇਗਾ। ਵਾਸ਼ਿੰਗਟਨ ਵਿੱਚ ਇਕ ਖੋਜ ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਅਲੀ ਸ਼ਿਹਾਬੀ ਨੇ ਕਿਹਾ, ‘ਹੋ ਸਕਦਾ ਹੈ ਕਿ ਮਾਮਲੇ ਨੂੰ ਸੁਲਝਾਉਣ ਲਈ ਹਿਰਾਸਤ ਵਿੱਚ ਲਏ ਗਏ ਲੋਕ ਆਪਣੀਆਂ ਜਾਇਦਾਦਾਂ ਨੂੰ ਸਰਕਾਰ ਨੂੰ ਸੌਂਪ ਦੇਣ।’ ਜੋ ਲੋਕ ਨਹੀਂ ਮੰਨਣਗੇ ਉਨ੍ਹਾਂ ਖਿਲਾਫ ਕਾਨੂੰਨ ਦੇ ਤਹਿਤ ਕਾਰਵਾਈ ਸ਼ੁਰੂ ਹੋਵੇਗੀ।