ਭ੍ਰਿਸ਼ਟਾਚਾਰ ਕਰ ਕੇ ਅਮੀਰ ਬਣੇ 200 ਜਣੇ ਗ੍ਰਿਫਤਾਰ
ਏਬੀਪੀ ਸਾਂਝਾ | 23 Nov 2017 07:01 PM (IST)

ਬੇਰੂਤ: ਸਊਦੀ ਅਰਬ 'ਚ ਦੋ ਹਫਤੇ ਪਹਿਲਾਂ ਸ਼ੁਰੂ ਹੋਈਆਂ ਅਮੀਰਾਂ ਦੀਆਂ ਗ੍ਰਿਫਤਾਰੀਆਂ ਦੀ ਗਿਣਤੀ 200 ਤੱਕ ਪੁੱਜ ਚੁੱਕੀ ਹੈ। ਇਸ 'ਚ ਕਈ ਰਾਜਕੁਮਾਰ ਵੀ ਸ਼ਾਮਲ ਹਨ। ਇੱਕ ਵੱਡੇ ਕਾਰੋਬਾਰੀ ਨੂੰ ਬਿਜ਼ਨੈਸ ਮੀਟਿੰਗ ਲਈ ਵਿਦੇਸ਼ ਬੁਲਾਇਆ ਗਿਆ ਸੀ ਵਾਪਸ ਪਰਤਦੇ ਹੀ ਗ੍ਰਿਫਤਾਰ ਕਰ ਲਿਆ ਗਿਆ। ਇੱਕ ਅਰਬਪਤੀ ਨੂੰ ਕਿਸੇ ਅਪਰਾਧੀ ਵਾਂਗ ਗ੍ਰਿਫਤਾਰ ਕੀਤਾ ਗਿਆ। ਇੱਕ ਵੱਡੇ ਅਫਸਰ ਨੂੰ ਇੱਕ ਹਮਲੇ ਬਾਰੇ ਚਰਚਾ ਕਰਨ ਲਈ ਬੁਲਾਇਆ ਗਿਆ ਪਰ ਚਰਚਾ ਹੋਈ ਨਹੀਂ। ਇਨ੍ਹਾਂ ਸਾਰਿਆਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਫੜ ਲਿਆ ਗਿਆ ਹੈ। ਹੁਣ ਤੱਕ ਹੋਟਲਾਂ 'ਚ ਬੰਦੀ ਬਣਾਏ ਗਏ ਇਨ੍ਹਾਂ ਰਈਸਜ਼ਾਦਿਆਂ 'ਤੇ ਇੱਕ ਹੋਰ ਵੱਡੀ ਕਾਰਵਾਈ ਦੀ ਤਿਆਰੀ ਹੈ। ਸਰਕਾਰ ਇਨ੍ਹਾਂ ਲੋਕਾਂ ਦੀ ਅਰਬਾਂ ਦੀ ਜਾਇਦਾਦ ਨੂੰ ਜ਼ਬਤ ਕਰਨਾ ਚਾਹੁੰਦੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਨ੍ਹਾਂ ਨੇ ਭ੍ਰਿਸ਼ਟਾਚਾਰ ਕਰ ਕੇ ਇੰਨੀ ਜਾਇਦਾਦ ਬਣਾਈ ਹੈ। ਹਿਊਮਨ ਰਾਇਟਸ ਵਾਚ ਦੇ ਮਿਡਲ ਈਸਟ ਦੇ ਖੋਜਕਾਰ ਐਡਮ ਕੂਗਲ ਨੇ ਕਿਹਾ ਕਿ ਜੇਕਰ ਸਊਦੀ ਅਧਿਕਾਰੀ ਮੁਲਜ਼ਮ ਦੇ ਬਚਾਅ ਲਈ ਕਾਨੂੰਨੀ ਮਦਦ ਨਹੀਂ ਦਿੰਦੇ ਤਾਂ ਇਸ ਨੂੰ ਜ਼ਬਰਦਸਤੀ ਦੀ ਕਾਰਵਾਈ ਹੀ ਕਿਹਾ ਜਾਵੇਗਾ। ਦੂਜੇ ਪਾਸੇ ਸਊਦੀ ਦੇ ਫੈਸਲੇ ਦੇ ਸਮਰਥਕ ਕਹਿ ਰਹੇ ਹਨ ਕਿ ਕੋਰਟ ਕੇਸ ਤੋਂ ਬਚਣ ਲਈ ਇਸ 'ਚ ਮੁਲਜ਼ਮਾਂ ਦਾ ਹੀ ਫਾਇਦਾ ਹੈ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕੋਰਟ ਕੇਸਾਂ ਤੋਂ ਬਚਣ ਲਈ ਇਹ ਆਪਣੀ ਜਾਇਦਾਦ ਸਰਕਾਰ ਦੇ ਹਵਾਲੇ ਕਰ ਦੇਣ ਅਤੇ ਸਜ਼ਾ ਤੋਂ ਬਚ ਜਾਣ।