ਵਾਸ਼ਿੰਗਟਨ: ਸਿੱਖਾਂ ਦੀ ਪਛਾਣ ਨੂੰ ਉਭਾਰਨ ਲਈ ਅਮਰੀਕਾ ਦੇ ਸੂਬੇ ਡੈਲਾਵੇਅਰ ਵਿੱਚ ਅਪਰੈਲ ਮਹੀਨੇ ਨੂੰ ‘ਸਿੱਖ ਜਾਗਰੂਕਤਾ ਤੇ ਸ਼ਲਾਘਾ ਮਹੀਨੇ’ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਪੂਰੇ ਮਹੀਨੇ ਸਿੱਖ ਭਾਈਚਾਰੇ ਨਾਲ ਸਬੰਧਤ ਸਮਾਗਮ ਕਰਾਏ ਜਾਣਗੇ।


ਇਸ ਦੌਰਾਨ ਘੱਟ ਗਿਣਤੀ ਭਾਈਚਾਰੇ ਸਿੱਖਾਂ ਵੱਲੋਂ ਪਾਏ ਯੋਗਦਾਨ ਨੂੰ ਪਛਾਣ ਦਿੱਤੀ ਜਾਏਗੀ। ਅਪਰੈਲ ਮਹੀਨੇ ਦੌਰਾਨ ਲੋਕਾਂ ਨੂੰ ਸਿੱਖੀ ਫ਼ਲਸਫ਼ੇ ਬਾਰੇ ਸਿੱਖਿਅਤ ਕੀਤਾ ਜਾਵੇਗਾ। ਸੂਬੇ ਦੇ ਰਾਜਪਾਲ ਜੌਹਨ ਕਾਰਨੇ ਨੇ ਅਪਰੈਲ ਨੂੰ ‘ਸਿੱਖ ਜਾਗਰੂਕਤਾ ਮਹੀਨਾ’ ਐਲਾਨਦਿਆਂ ਕਿਹਾ ਕਿ ਸਿੱਖਾਂ ਨੇ ਭਾਈਚਾਰੇ ਲਈ ਸੇਵਾਵਾਂ ਸ਼ੁਰੂ ਕਰਕੇ ਮਾਣ ਤਾਣ ਤੇ ਪ੍ਰਸ਼ੰਸਾ ਕਮਾਈ ਹੈ।

ਸੂਬੇ ਦੀ ਅਸੈਂਬਲੀ ਜਿਸ ਵਿੱਚ ਪ੍ਰਤੀਨਿਧ ਸਭਾ ਤੇ ਸੈਨੇਟ ਦੇ ਮੈਂਬਰ ਸ਼ਾਮਲ ਹਨ, ਨੇ ‘ਸਿੱਖ ਜਾਗਰੂਕਤਾ ਮਹੀਨਾ’ ਸਬੰਧੀ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ। ਯਾਦ ਰਹੇ ਅਮਰੀਕਾ ਸਣੇ ਕਈ ਪੱਛਮੀ ਦੇਸ਼ਾਂ ਵਿੱਚ ਸਿੱਖਾਂ ਦੀ ਪਛਾਣ ਦਾ ਅਹਿਮ ਮਸਲਾ ਹੈ। ਪਗੜੀਧਾਰੀ ਹੋਣ ਕਰਕੇ ਸਿੱਖਾਂ ਨੂੰ ਉਸਾਮਾ ਬਿਨ ਲਾਦੇਨ ਦੇ ਹਮਾਇਤੀ ਸਮਝ ਕੇ ਹਮਲੇ ਕੀਤੇ ਜਾਂਦੇ ਹਨ।