ਕੋਲੰਬੋ: ਸ਼੍ਰੀਲੰਕਾ ਦੇ ਸਭ ਤੋਂ ਵੱਡੇ ਹਾਥੀ ਦੀ ਸੁਰੱਖਿਆ ‘ਚ ਹਥਿਆਰਾਂ ਨਾਲ ਲੈਸ ਸੈਨਾ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। 65 ਸਾਲ ਦੇ ਹਾਥੀ ਨੰਡੁਨਗਮੁਵਾ ਰਾਜਾ ਦੀ ਉਚਾਈ 10.5 ਫੁੱਟ ਹੈ। ਉਹ ਸ਼੍ਰੀਲੰਕਾ ਦਾ ਸਭ ਤੋਂ ਵੱਡਾ ਪਾਲਤੂ ਹਾਥੀ ਹੈ। ਇਸ ਦੀ ਦੇਖਭਾਲ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਨੰਡੁਨਗਮੁਵਾ ਕਈ ਸਮਾਗਮਾਂ ‘ਚ ਹਿੱਸਾ ਲੈਣ ਲਈ ਮੁੱਖ ਮਾਰਗਾਂ ਤੋਂ ਲੰਘਦਾ ਹੈ। ਇਸੇ ਗੱਲ ਨੂੰ ਵੇਖਦੇ ਹੋਏ ਸਰਕਾਰ ਨੇ ਇਸ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ।


ਹਾਥੀ ਦੇ ਮਾਲਕ ਨੇ ਨਿਊਜ਼ ਏਜੰਸੀ ਨੂੰ ਕਿਹਾ- ਸਤੰਬਰ 2015 ‘ਚ ਇੱਕ ਮੋਟਰਸਾਈਕਲ ਨੁੰਡਨਗਮੁਵਾ ਨਾਲ ਟਕਰਾਉਂਦੇ-ਟਕਰਾਉਂਦੇ ਬਚਿਆ ਸੀ। ਸੀਸੀਟੀਵੀ ਫੁਟੇਜ਼ ਵੇਖਣ ਤੋਂ ਬਾਅਦ ਸਰਕਾਰ ਨੇ ਮਾਲਕ ਨਾਲ ਸੰਪਰਕ ਕੀਤਾ ਤੇ ਸੜਕ ‘ਤੇ ਚੱਲਣ ਦੌਰਾਨ ਹਾਥੀ ਨੂੰ ਸੁਰੱਖਿਆ ਦੇਣ ਦੀ ਗੱਲ ਕਹੀ।


ਭੀੜ ਭਰੇ ਇਲਾਕਿਆਂ ‘ਚ ਰਾਜਾ ਨਾਲ ਚੱਲਣ ਦੌਰਾਨ ਉਸ ਦੀ ਸੁਰੱਖਿਆ ‘ਚ ਤਾਇਨਾਤ ਸੈਨਿਕਾਂ ਦੇ ਨਾਲ ਦੇਖਰੇਖ ਲਈ ਦੋ ਮਹਾਵਤ ਵੀ ਹੋਣਗੇ। ਇਸ ਦੇ ਨਾਲ ਹੀ ਸ਼੍ਰੀਲੰਕਾ ‘ਚ ਹਾਥੀਆਂ ਨਾਲ ਬੁਰੇ ਵਤੀਰੇ ਦਾ ਮੁੱਦਾ ਲਗਾਤਾਰ ਸੁਰਖੀਆਂ ‘ਚ ਹੈ। ਸ਼੍ਰੀਲੰਕਾ ‘ਚ ਅਮੀਰ ਲੋਕ ਹਾਥੀ ਪਾਲਦੇ ਹਨ।