ਰਾਸ਼ਟਰਪਤੀ ਜੋਅ ਬਾਇਡੇਨ ਇਜ਼ਰਾਈਲ ਤੋਂ ਅਜੇ ਵਾਪਸ ਹੀ ਗਏ ਸਨ ਕਿ ਹਿਜ਼ਬੁੱਲਾ ਨੇ ਅਮਰੀਕੀ ਫੌਜੀ ਅੱਡਿਆਂ 'ਤੇ ਰਾਕੇਟ ਨਾਲ ਹਮਲਾ ਕਰ ਦਿੱਤਾ । ਮਿਲੀ ਜਾਣਕਾਰੀ ਮੁਤਾਬਕ ਬਾਇਡੇਨ ਦੀ ਵਾਪਸੀ ਤੋਂ ਬਾਅਦ ਸੀਰੀਆ 'ਚ ਅਮਰੀਕਾ ਦੇ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਰਾਕ ਵਿੱਚ ਅਮਰੀਕੀ ਫੌਜ ਦੇ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਇੱਥੇ ਸਹਿਯੋਗੀ ਫੌਜ ਦੇ ਕੁਝ ਜਵਾਨ ਜ਼ਖਮੀ ਦੱਸੇ ਜਾ ਰਹੇ ਹਨ।


ਇਰਾਕ 'ਚ 24 ਘੰਟਿਆਂ ਦੇ ਅੰਦਰ ਫੌਜੀ ਕੈਂਪਾਂ 'ਤੇ ਦੋ ਡਰੋਨ ਹਮਲੇ ਕੀਤੇ ਗਏ ਹਨ। ਪੱਛਮੀ ਅਤੇ ਉੱਤਰੀ ਇਰਾਕ 'ਚ ਫੌਜੀ ਕੈਂਪਾਂ 'ਤੇ ਹੋਏ ਇਸ ਹਮਲੇ 'ਚ ਸਹਿਯੋਗੀ ਫੌਜ ਦੇ ਕੁਝ ਜਵਾਨ ਜ਼ਖਮੀ ਹੋ ਗਏ ਹਨ। ਹਾਲਾਂਕਿ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇੱਕ ਸਾਲ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਈਰਾਨ ਸਮਰਥਿਤ ਸਮੂਹਾਂ ਨੇ ਇਰਾਕ ਵਿੱਚ ਅਮਰੀਕੀ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕੀ ਅਧਿਕਾਰੀਆਂ ਨੇ ਹਾਲਾਂਕਿ ਕਿਹਾ ਹੈ ਕਿ ਤਿੰਨ ਡਰੋਨ ਹਮਲੇ ਹੋਏ ਹਨ। ਇਰਾਕ ਦੇ ਪੱਛਮ ਅਤੇ ਕੁਰਦਿਸਤਾਨ ਖੇਤਰ 'ਚ ਅਲ-ਹਰੀਰ ਏਅਰ ਬੇਸ 'ਤੇ ਹਮਲਾ ਕੀਤਾ ਗਿਆ ਹੈ।


ਜ਼ਿਕਰ ਕਰ ਦਈਏ ਕਿ ਇਰਾਕ ਵਿੱਚ ਈਰਾਨ ਸਮਰਥਿਤ ਸਮੂਹਾਂ ਨੇ ਇਜ਼ਰਾਈਲ ਲਈ ਅਮਰੀਕੀ ਸਮਰਥਨ ਨੂੰ ਲੈ ਕੇ ਉੱਥੇ ਅਮਰੀਕੀ ਟਿਕਾਣਿਆਂ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਇਰਾਕ ਵਿੱਚ ਇਸਲਾਮਿਕ ਪ੍ਰਤੀਰੋਧ ਨੇ ਬਾਅਦ ਵਿੱਚ ਇੱਕ ਬਿਆਨ ਜਾਰੀ ਕਰਕੇ ਦੋ ਹਮਲਿਆਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਇਹ "ਅਮਰੀਕੀ ਕਬਜ਼ੇ" ਦੇ ਵਿਰੁੱਧ "ਹੋਰ ਕਾਰਵਾਈਆਂ ਦੀ ਸ਼ੁਰੂਆਤ" ਸੀ। ਇਹ ਹਮਲਾ ਇਜ਼ਰਾਈਲ-ਹਮਾਸ ਜੰਗ ਦਾ ਨਤੀਜਾ ਹੈ, ਜਿੱਥੇ ਅਮਰੀਕਾ ਇਸ ਦੀ ਹਥਿਆਰਾਂ ਅਤੇ ਹਰ ਤਰ੍ਹਾਂ ਨਾਲ ਮਦਦ ਕਰ ਰਿਹਾ ਹੈ।


7 ਅਕਤੂਬਰ ਨੂੰ ਯੁੱਧ ਦੀ ਸ਼ੁਰੂਆਤ ਤੋਂ ਬਾਅਦ, ਲੇਬਨਾਨ ਵਿੱਚ ਇਜ਼ਰਾਈਲ ਦੀ ਉੱਤਰੀ ਸਰਹੱਦ ਦੇ ਪਾਰ ਹਮਾਸ ਦੇ ਸ਼ਕਤੀਸ਼ਾਲੀ ਸਹਿਯੋਗੀ ਹਿਜ਼ਬੁੱਲਾ ਵੱਲ ਵਿਸ਼ਵਵਿਆਪੀ ਧਿਆਨ ਖਿੱਚਿਆ ਗਿਆ ਹੈ, ਜਿਸ ਨੇ ਇਜ਼ਰਾਈਲੀ ਬਲਾਂ 'ਤੇ ਹਮਲੇ ਵੀ ਕੀਤੇ ਹਨ। ਪਿਛਲੇ ਦਿਨੀਂ ਇਜ਼ਰਾਇਲੀ ਫੌਜ ਅਤੇ ਹਿਜ਼ਬੁੱਲਾ ਦੇ ਲੜਾਕਿਆਂ ਵਿਚਾਲੇ ਹਵਾਈ ਹਮਲੇ ਦੇਖੇ ਗਏ ਹਨ।


ਗਾਜ਼ਾ ਦੇ ਇੱਕ ਹਸਪਤਾਲ 'ਤੇ ਮੰਗਲਵਾਰ ਰਾਤ ਨੂੰ ਹੋਏ ਹਮਲੇ 'ਚ ਸੈਂਕੜੇ ਲੋਕ ਮਾਰੇ ਗਏ ਸਨ। ਸਮੂਹ ਨੇ ਇੱਕ ਹੋਰ ਬਿਆਨ ਜਾਰੀ ਕੀਤਾ ਜਿਸ ਵਿਚ ਇਸ ਨੇ ਤਬਾਹੀ ਲਈ ਅਮਰੀਕਾ ਅਤੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ। ਹਮਾਸ ਨੇ ਕਿਹਾ ਹੈ ਕਿ ਗਾਜ਼ਾ ਵਿੱਚ ਧਮਾਕਾ ਇਜ਼ਰਾਈਲੀ ਹਵਾਈ ਹਮਲੇ ਕਾਰਨ ਹੋਇਆ ਸੀ, ਜਦੋਂ ਕਿ ਇਜ਼ਰਾਈਲ ਨੇ ਫਲਸਤੀਨੀ ਅੱਤਵਾਦੀਆਂ ਦੁਆਰਾ ਇੱਕ ਅਸਫਲ ਰਾਕੇਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ।