ਚੰਡੀਗੜ੍ਹ: ਮੈਂ ਕੋਈ ਖਾਲਿਸਤਾਨੀ ਨਹੀਂ। ਸਰੀ ਨਿਵਾਸੀ ਜਸਪਾਲ ਸਿੰਘ ਅਟਵਾਲ ਨੇ ਇਹ ਗੱੱਲ ਕਹੀ ਹੈ।ਅਟਵਾਲ ਨੇ ਸਪੱਸ਼ਟ ਕੀਤਾ ਕਿ ਇਹ ਸੱਚ ਹੈ ਕਿ 32 ਸਾਲ ਪਹਿਲਾਂ ਕੈਨੇਡਾ ਵਿਚ 1986 ਵਿੱਚ  ਗੋਲੀਬਾਰੀ ਦੀ ਇਕ ਘਟਨਾ ਵਿੱਚ ਉਸ ਨੂੰ ਸ਼ਜਾ ਹੋਈ ਸੀ। 1984 ਦੇ ਫੌਜੀ ਹਮਲੇ ਕਾਰਨ ਉਦੋਂ ਸਿੱਖਾਂ 'ਚ ਬਹੁਤ ਗੁੱਸਾ ਸੀ। ਉਸਨੇ ਜੋ ਗਲਤੀ ਕੀਤੀ, ਉਸਦੀ ਸਜ਼ਾ ਭੁਗਤਣ ਉਪਰੰਤ ਉਹ ਇਕ ਚੰਗਾ ਸ਼ਹਿਰੀ ਬਣ ਚੁੱਕਾ ਹੈ ਤੇ ਉਸਦਾ ਖਾਲਿਸਤਾਨੀ ਲਹਿਰ ਨਾਲ ਕੋਈ ਸਬੰਧ ਨਹੀਂ। ਉਸਨੇ ਸਪੱਸ਼ਟ ਕੀਤਾ ਕਿ ਉਹ ਪ੍ਰਧਾਨ ਮੰਤਰੀ ਵਫਦ ਵਿਚ ਸ਼ਾਮਿਲ ਨਹੀਂ ਹੈ। ਉਹ ਆਪਣੇ ਕਿਸੇ ਕੰਮ ਲਈ ਇਸ 11 ਫਰਵਰੀ ਨੂੰ ਭਾਰਤ ਆਇਆ ਸੀ। ਉਸ ਦਾ ਨਾਮ ਕਿਸੇ ਵੀ ਭਾਰਤੀ ਕਾਲੀ ਸੂਚੀ ਵਿਚ ਸ਼ਾਮਿਲ ਨਹੀਂ ਹੈ। 2006 ਵਿੱਚ ਵੀ ਉਸਨੂੰ ਵੀਜ਼ਾ ਦਿਵਾਉਣ ਲਈ ਭਾਰਤ ਪੱਖੀ ਆਗੂ ਉੱਜਲ ਦੁਸਾਂਝ ਨੇ ਕੋਸ਼ਿਸ਼ ਕੀਤੀ ਸੀ ਅਤੇ ਇਤੋਂ ਇਲਾਵਾ ਭਾਰਤੀ ਐਮ. ਪੀ. ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਉਸਨੂੰ ਵੀਜ਼ਾ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਉਸਦਾ ਨਾਮ ਹੁਣੇ ਹੀ ਕਾਲੀ ਸੂਚੀ 'ਚੋਂ ਨਹੀਂ ਨਿਕਲਿਆ, ਬਲਕਿ ਕੁਝ ਸਮੇਂ ਦਾ ਨਿਕਲਿਆ ਹੋਇਆ ਹੈ ਅਤੇ ਉਹ ਇਸਤੋਂ ਪਹਿਲਾਂ ਵੀ ਭਾਰਤ ਜਾ ਚੁੱਕਾ ਹੈ। ਸਰੀ ਨਿਵਾਸੀ ਜਸਪਾਲ ਅਟਵਾਲ ਨੂੰ ਟਰੂਡੋ ਦੀ ਭਾਰਤ ਫੇਰੀ ਮੌਕੇ ਮੁੰਬਈ ਅਤੇ ਦਿੱਲੀ 'ਚ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਸੱਦਾ ਦਿੱਤੇ ਜਾਣ ਦੇ ਉਜਾਗਰ ਹੋਏ ਮਾਮਲੇ 'ਤੇ ਟਰੂਡੋ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਆਖਿਆ ਕਿ ਸੱਦਾ ਦੇਣ ਵਾਲੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ  ਨੇ ਇਸ ਦੀ ਪੂਰੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ ਕਿ ਇਹ ਕੇਵਲ ਉਨ੍ਹਾਂ ਦੀ ਗਲਤੀ ਸੀ।