ਵਾਸ਼ਿੰਗਟਨ- ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਸਰਕਾਰ ਨੇ ਫਿਰ ਐੱਚ 1ਬੀ ਵੀਜ਼ਾ ਜਾਰੀ ਕਰਨ ਦੇ ਨਿਯਮ ਸਖਤ ਕਰ ਦਿੱਤੇ ਹਨ। ਇਸ ਦਾ ਸਿੱਧਾ ਅਸਰ ਅਮਰੀਕਾ ਵਿਚ ਕੰਮ ਕਰ ਰਹੇ ਭਾਰਤੀ ਲੋਕਾਂ ਉੱਤੇ ਪੈ ਸਕਦਾ ਹੈ। ਨਵੇਂ ਨਿਯਮ ਮੁਤਾਬਕ ਅਮਰੀਕਾ ਵਿਚ ਕੰਮ ਕਰਦੀਆਂ ਭਾਰਤੀ ਸੂਚਨਾ ਤਕਨੀਕ ਕੰਪਨੀਆਂ ਲਈ ਘੱਟ ਸਮੇਂ ਲਈ ਭਾਰਤ ਤੋਂ ਯੋਗ ਕਾਮਿਆਂ ਨੂੰ ਬੁਲਾਉਣ ਵਿਚ ਮੁਸ਼ਕਲਾਂ ਆ ਸਕਦੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਸਰਕਾਰ ਦੀ ਨਵੀਂ ਨੀਤੀ ਹੇਠ ਇਹ ਸਾਬਤ ਕਰਨਾ ਹੋਵੇਗਾ ਕਿ ਇਕ ਜਾਂ ਇਕ ਤੋਂ ਵੱਧ ਥਾਵਾਂ ਉੱਤੇ ਕੰਮ ਕਰਨ ਲਈ ਇਸ ਵੀਜ਼ਾ ਉੱਤੇ ਸੱਦੇ ਜਾ ਰਹੇ ਕਰਮਚਾਰੀ ਦਾ ਕੰਮ ਖਾਸ ਤਰ੍ਹਾਂ ਦਾ ਹੈ ਤੇ ਕੰਪਨੀ ਨੂੰ ਉਸ ਕਰਮਚਾਰੀ ਦੀ ਖਾਸ ਲੋੜ ਹੈ। ਸਰਕਾਰ ਇਹ ਵੀਜ਼ਾ ਉਨ੍ਹਾਂ ਲੋਕਾਂ ਲਈ ਜਾਰੀ ਕਰਦੀ ਹੈ, ਜੋ ਬਹੁਤ ਉੱਚ ਹੁਨਰ ਵਾਲੇ ਹੁੰਦੇ ਹਨ ਅਤੇ ਉਸ ਤਰ੍ਹਾਂ ਦੇ ਹੁਨਰਮੰਦ ਲੋਕਾਂ ਦੀ ਅਮਰੀਕਾ ਵਿਚ ਕਮੀ ਹੁੰਦੀ ਹੈ। ਸਰਕਾਰ ਨੇ ਕੱਲ੍ਹ ਸੱਤ ਪੇਜ ਦਾ ਨੀਤੀਗਤ ਦਸਤਾਵੇਜ਼ ਜਾਰੀ ਕੀਤਾ, ਜਿਸ ਵਿਚ ਐੱਚ 1ਬੀ ਵੀਜ਼ਾ ਦੇ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਇਸ ਨਾਲ ਅਮਰੀਕਾ ਦੀ ਨਾਗਰਿਕਤਾ ਅਤੇ ਇਮੀਗਰੇਸ਼ਨ ਵਿਭਾਗ ਨੂੰ ਇਹ ਵੀਜ਼ਾ ਸਿਰਫ ਤੀਜੇ ਪੱਖ ਦੇ ਸਾਈਟ ਕੰਮ ਦੀ ਮਿਆਦ ਲਈ ਜਾਰੀ ਕਰਨ ਦੀ ਇਜਾਜ਼ਤ ਹੀ ਹੋਵੇਗੀ। ਇਸ ਤਰ੍ਹਾਂ ਇਸ ਵੀਜ਼ੇ ਦੀ ਮਿਆਦ 3 ਸਾਲ ਤੋਂ ਘੱਟ ਹੋ ਸਕਦੀ ਹੈ। ਪਹਿਲਾਂ ਇਹ ਵੀਜ਼ਾ ਇਕ ਵਾਰ ਵਿਚ 3 ਸਾਲ ਲਈ ਦਿੱਤਾ ਜਾਂਦਾ ਸੀ। ਇਹ ਨਿਯਮ ਅਮਰੀਕਾ ਵਿਚ ਲਾਗੂ ਹੋ ਚੁੱਕਾ ਹੈ। ਇਸ ਲਈ ਅਜਿਹਾ ਸਮਾਂ ਚੁਣਿਆ ਗਿਆ ਹੈ ਕਿ ਜਦੋਂ 1 ਅਕਤੂਬਰ 2018-19 ਤੋਂ ਸ਼ੁਰੂ ਹੋਣ ਵਾਲੇ ਵਿੱਤ ਸਾਲ ਲਈ ਐੱਚ1 ਬੀ ਵੀਜ਼ਾ ਦੇ ਆਵੇਦਨ 2 ਅਪ੍ਰੈਲ ਤੋਂ ਪਹਿਲਾਂ ਭੇਜੇ ਜਾ ਸਕਦੇ ਹਨ।