Khalistani Supporter beaten indian student: ਆਸਟ੍ਰੇਲੀਆ 'ਚ ਖਾਲਿਸਤਾਨੀ ਸਮਰਥਕਾਂ ਤੇ ਭਾਰਤੀ ਵਿਦਿਆਰਥੀਆਂ ਵਿਚਾਲੇ ਟਕਰਾਅ ਹੋ ਗਿਆ। ਖਾਲਿਸਤਾਨੀ ਸਮਰਥਕਾਂ ਦੇ ਹਮਲੇ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਖਾਲਿਸਤਾਨੀ ਸਮਰਥਕ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਵਿਦਿਆਰਥੀਆਂ 'ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਤਿਰੰਗਾ ਲੈ ਕੇ ਖਾਲਿਸਤਾਨੀ ਗਤੀਵਿਧੀਆਂ ਦਾ ਵਿਰੋਧ ਕਰ ਰਹੇ ਸਨ।


ਇਹ ਪੂਰੀ ਘਟਨਾ ਮੈਲਬੌਰਨ ਦੇ ਫੈਡਰੇਸ਼ਨ ਸਕੁਏਅਰ ਦੀ ਹੈ। ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਹਮਲੇ 'ਚ ਪੰਜ ਲੋਕ ਜ਼ਖਮੀ ਹੋਏ ਹਨ। ਇੱਕ ਨੌਜਵਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕੁਝ ਭਾਰਤੀ ਵਿਦਿਆਰਥੀ ਹੱਥਾਂ 'ਚ ਤਿਰੰਗੇ ਦਾ ਝੰਡਾ ਲੈ ਕੇ ਚੌਰਾਹੇ 'ਤੇ ਖੜ੍ਹੇ ਹਨ। ਇਸ ਕਾਰਨ ਖਾਲਿਸਤਾਨ ਸਮਰਥਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਖਾਲਿਸਤਾਨੀ ਸਮਰਥਕਾਂ ਨੇ ਵਿਦਿਆਰਥੀਆਂ ਤੋਂ ਤਿਰੰਗਾ ਝੰਡਾ ਖੋਹ ਲਿਆ ਤੇ ਇਸ ਦਾ ਅਪਮਾਨ ਵੀ ਕੀਤਾ।


 






 


ਭਾਜਪਾ ਆਗੂ ਨੇ ਇਸ ਘਟਨਾ ਦੀ ਕੀਤੀ ਨਿੰਦਾ 


ਮੀਡੀਆ ਰਿਪੋਰਟ ਮੁਤਾਬਕ ਤਿਰੰਗੇ ਲਈ ਭਾਰਤੀਆਂ ਨੇ ਖਾਲਿਸਤਾਨ ਸਮਰਥਕਾਂ ਦੇ ਰੈਫਰੈਂਡਮ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਹੀ ਟਕਰਾਅ ਸ਼ੁਰੂ ਹੋ ਗਿਆ। ਹਮਲਾਵਰਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਲਿਖਿਆ, "ਮੈਂ ਆਸਟ੍ਰੇਲੀਆ 'ਚ ਖਾਲਿਸਤਾਨ ਸਮਰਥਕਾਂ ਦੀ ਇਸ ਭਾਰਤ ਵਿਰੋਧੀ ਗਤੀਵਿਧੀ ਦੀ ਨਿੰਦਾ ਕਰਦਾ ਹਾਂ। ਅਜਿਹੇ ਸਮਾਜ ਵਿਰੋਧੀ ਲੋਕ ਦੇਸ਼ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕਰਨਾ ਚਾਹੁੰਦੇ ਹਨ। ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।"


ਆਸਟ੍ਰੇਲੀਆ 'ਚ ਖਾਲਿਸਤਾਨੀ ਘਟਨਾਵਾਂ ਵਧੀਆਂ


ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਆਸਟ੍ਰੇਲੀਆ 'ਚ ਖਾਲਿਸਤਾਨੀ ਘਟਨਾਵਾਂ ਦੀ ਕਾਫੀ ਗਿਣਤੀ ਦੇਖਣ ਨੂੰ ਮਿਲ ਰਹੀ ਹੈ। ਹਾਲ ਹੀ 'ਚ ਕਈ ਵਾਰ ਹਿੰਦੂ ਮੰਦਰਾਂ 'ਤੇ ਵੀ ਹਮਲੇ ਹੋਏ ਹਨ। 17 ਜਨਵਰੀ ਨੂੰ ਮੈਲਬੌਰਨ ਦੇ ਸਵਾਮੀਨਾਰਾਇਣ ਮੰਦਰ 'ਤੇ ਹਮਲਾ ਹੋਇਆ ਸੀ। ਮੰਦਰ ਦੀਆਂ ਕੰਧਾਂ 'ਤੇ ਖਾਲਿਸਤਾਨ ਦੇ ਸਮਰਥਨ 'ਚ ਨਾਅਰੇ ਵੀ ਲਿਖੇ ਹੋਏ ਸਨ। ਭਾਰਤੀ ਹਾਈ ਕਮਿਸ਼ਨ ਵੱਲੋਂ ਜਾਰੀ ਬਿਆਨ 'ਚ ਹਮਲੇ ਦੀ ਆਲੋਚਨਾ ਦੇ ਨਾਲ-ਨਾਲ ਖਾਲਿਸਤਾਨੀ ਸਮਰਥਕਾਂ ਦੀਆਂ ਵਧਦੀਆਂ ਗਤੀਵਿਧੀਆਂ 'ਤੇ ਚਿੰਤਾ ਪ੍ਰਗਟਾਈ ਗਈ ਸੀ। ਭਾਰਤੀ ਹਾਈ ਕਮਿਸ਼ਨ ਨੇ ਵੀ ਇਨ੍ਹਾਂ ਘਟਨਾਵਾਂ ਦੀ ਸਖ਼ਤ ਨਿਖੇਧੀ ਕੀਤੀ ਸੀ।