ਨਵੀਂ ਦਿੱਲੀ: ਆਸਟ੍ਰੇਲੀਆ ’ਚ ਫ਼ੇਸਬੁੱਕ ਤੇ ਸਰਕਾਰ ਵਿਚਾਲੇ ‘ਨਿਊਜ਼ ਬੈਨ’ ਨੂੰ ਲੈ ਕੇ ਵਿਵਾਦ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ। ਫ਼ੇਸਬੁੱਕ ਨੇ ਆਸਟ੍ਰੇਲੀਆ ’ਚ ਨਿਊਜ਼ ਵੇਖਣ ਤੇ ਸ਼ੇਅਰ ਕਰਨ ਉੱਤੇ ਰੋਕ ਲਾ ਦਿੱਤੀ ਹੈ। ਫ਼ੇਸਬੁੱਕ ਦਾ ਆਸਟ੍ਰੇਲੀਆ ਦੇ ਮੀਡੀਆ ਲਾਅ ਨੂੰ ਲੈ ਕੇ ਸਰਕਾਰ ਨਾਲ ਟਕਰਾਅ ਚੱਲ ਰਿਹਾ ਹੈ। ਹੁਣ ਮਾਮਲਾ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਰਤੀ ਸਕੌਟ ਮੌਰੀਸਨ ਨੂੰ ਮਦਦ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਲ ਕਰਨੀ ਪਈ। ਮੌਰੀਸਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਵਿੱਚ ਟੈੱਕ ਕੰਪਨੀਆਂ ਦੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਹੈ।

 

ਨਰਿੰਦਰ ਮੋਦੀ ਨੂੰ ਆਸਟ੍ਰੇਲੀਆਈ ਪੀਐਮ ਨੇ ਸਪੱਸ਼ਟ ਆਖਿਆ ਕਿ ਜੇ ਫ਼ੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੂੰ ਸਰਕਾਰ ਵੱਲੋਂ ਲਾਏ ਮੀਡੀਆ ਕਾਨੂੰਨ ਤੋਂ ਕੋਈ ਪਰੇਸ਼ਾਨੀ ਸੀ, ਤਾਂ ਉਨ੍ਹਾਂ ਨੂੰ ਗੱਲ ਕਰਨੀ ਚਾਹੀਦੀ ਸੀ; ਇੰਝ ਸਿੱਧੇ ਤੌਰ ਉੱਤੇ ਬੈਨ ਲਾਉਣਾ ਗ਼ਲਤ ਫ਼ੈਸਲਾ ਹੈ।

 
ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆਈ ਸਰਕਾਰ ਹੁਣ ਫ਼ੇਸਬੁੱਕ ਵਿਰੁੱਧ ਕਾਰਵਾਈ ਕਰਨ ਲਈ ਕਾਨੂੰਨੀ ਜੰਗ ਲੜਨ ਦਾ ਮਨ ਬਣਾ ਰਹੀ ਹੈ। ਇਸ ਸਾਰੇ ਮਾਮਲੇ ਬਾਰੇ ਫ਼ੇਸਬੁੱਕ ਦਾ ਕਹਿਣਾ ਹੈ ਕਿ ਉਸ ਨੇ ਮੀਡੀਆ ਕਾਨੂੰਨ ਵਿਰੁੱਧ ਇਹ ਕਦਮ ਚੁਬੱਕਿਆ ਹੈ। ਦਰਅਸਲ, ਕਾਨੂੰਨ ਵਿੱਚ ਫ਼ੇਸਬੁੱਕ ਤੇ ਗੂਗਲ ਨਿਊਜ਼ ਜਿਹੀਆਂ ਕੰਪਨੀਆਂ ਨੂੰ ਨਿਊਜ਼ ਵਿਖਾਉਣ ਲਈ ਭੁਗਤਾਨ ਕਰਨ ਦੀ ਵਿਵਸਥਾ ਹੈ।

 
ਇਹ ਵੀ ਦੱਸ ਦੇਈਏ ਕਿ ਆਸਟ੍ਰੇਲੀਆ ਦੇ ਮੰਤਰੀਆਂ ਨੇ ਪਿਛਲੇ ਹਫ਼ਤੇ ਫ਼ੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਅਤੇ ਅਲਫ਼ਾਬੈੱਟ ਇਨਕਾਰਪੋਰੇਸ਼ਨ ਤੇ ਉਸ ਦੀ ਕੰਪਨੀ ਗੂਗਲ ਦੇ ਸੀਈਓ ਸੁੰਦਰ ਪਿਚਾਈ ਨਾਲ ਚਰਚਾ ਵੀ ਕੀਤੀ ਸੀ। ਇਸ ਤੋਂ ਵਿਵਾਦਗ੍ਰਸਤ ਕਾਨੂੰਨ ਪੇਸ਼ ਕੀਤੇ ਜਾਣ ’ਤੇ ਗੂਗਲ ਨੇ ਵੀ ਆਸਟ੍ਰੇਲੀਆ ’ਚ ਆਪਣਾ ਸਰਚ ਇੰਜਣ ਬੰਦ ਕਰਨ ਦੀ ਧਮਕੀ ਦਿੱਤੀ ਸੀ।