ਪਰਥ: ਅਵਨੀਤ ਕੋਮਲ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਦਨੀਪੁਰ ਦਾ ਪੂਰੇ ਸੰਸਾਰ ਵਿੱਚ ਨਾਮ ਰੌਸ਼ਨ ਕੀਤਾ ਹੈ। ਅਵਨੀਤ ਕੋਮਲ ਕੌਰ ਗਿੱਲ ਨੇ ਜੰਡਾਕੋਟ ਹਵਾਈ ਅੱਡੇ 'ਤੇ ਰਾਇਲ ਐਰੋ ਕਲੱਬ ਵਿੱਚ ਇੱਕ ਇੰਜਣ ਵਾਲਾ ਜਹਾਜ਼ ਉਡਾ ਕੇ 15 ਸਾਲਾ ਦੀ ਉਮਰ 'ਚ ਪਹਿਲੀ ਸਿੱਖ ਤੇ ਪੱਛਮੀ ਆਸਟ੍ਰੇਲੀਆ ਦੀ ਤੀਜੀ ਸੋਲੋ ਪਾਇਲਟ ਬਣਨ ਦਾ ਖਿਤਾਬ ਹਾਸਲ ਕੀਤਾ।
ਕੋਮਲ ਨੇ ਮੀਡੀਆ ਨੂੰ ਦੱਸਿਆ ਕਿ ਜਦ ਉਹ 6ਵੀਂ ਕਲਾਸ ਵਿਚ ਪੜ੍ਹਦੀ ਸੀ, ਉਸ ਨੇ ਰਾਇਨ ਕੈਮਬੱਲ ਦੀ ਲਿਖੀ ਕਿਤਾਬ 'ਬੌਰਨ ਟੂ ਫਲਾਈ' ਪੜ੍ਹੀ ਸੀ। ਇਸ ਨੂੰ ਪੜ੍ਹ ਕੇ ਉਹ ਇੰਨੀ ਪ੍ਰਭਾਵਿਤ ਹੋਈ ਸੀ ਕਿ ਉਸ ਨੇ ਪਾਇਲਟ ਬਣਨ ਦਾ ਪੂਰਾ ਨਿਸਚੇ ਕਰ ਲਿਆ ਸੀ।
ਇਸ ਤੋਂ ਬਾਅਦ ਆਪਣੀ ਮੰਜ਼ਲ ਨੂੰ ਪਾਉਣ ਲਈ ਉਹ ਆਪਣੀ ਪੜ੍ਹਾਈ ਤੇ ਖੇਡਾਂ ਦੇ ਨਾਲ-ਨਾਲ ਵੀਕ ਐਂਡ ਤੇ ਪਾਇਲਟ ਦੀ ਸਿਖਲਾਈ ਵਾਸਤੇ ਰਾਇਲ ਐਰੋ ਕਲੱਬ ਵਿਚ ਦਾਖ਼ਲਾ ਲਿਆ ਤੇ ਆਪਣੀ ਮੰਜ਼ਲ ਵੱਲ ਕਦਮ ਵਧਾਉਣੇ ਸ਼ੁਰੂ ਕੀਤੇ। ਉਸ ਨੇ ਆਪਣਾ ਨਿਸ਼ਾਨਾ ਛੇ ਮਹੀਨਿਆਂ ਵਿੱਚ ਪੂਰਾ ਕੀਤਾ। ਜ਼ਿਕਰਯੋਗ ਹੈ ਕਿ ਕੋਮਲ ਨੈੱਟਬਾਲ ਦੀ ਵੀ ਬਹੁਤ ਚੰਗੀ ਖਿਡਾਰਨ ਹੈ ਤੇ ਪਰਥ ਸਿੱਖ ਸਵੈਨ ਟੀਮ ਦੀ ਖਿਡਾਰਨ ਹੈ।