ਵੈਨਕੂਵਰ: ਕੀ ਤੁਸੀਂ ਕਦੀ ਕਿਸੇ ਕਾਨਸਰਟ ਜਾਂ ਸ਼ੋਅ ਲਈ ਟਿਕਟਾਂ ਖਰੀਦਣ ਦੀ ਕੋਸ਼ਿਸ਼ ਕੀਤੀ ਹੈ? ਕੀ ਅਜਿਹਾ ਕਰਦੇ ਹੋਏ ਤੁਸੀਂ ਕਦੀ ਇਹ ਵੇਖਿਆ ਕਿ ਟਿਕਟਾਂ ਤਾਂ ਕੁਝ ਹੀ ਮਿੰਟਾਂ ਵਿੱਚ ਆਨਲਾਈਨ ਹੀ ਵਿਕ ਗਈਆਂ? ਜੇ ਅਜਿਹਾ ਹੋਇਆ ਹੈ, ਤਾਂ ਸ਼ਾਇਦ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵਗੀ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਨੇ ਇਸ ਦਾ ਹੱਲ ਕੱਢ ਲਿਆ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਆਨਲਾਈਨ ਟਿਕਟ ਬੌਟਸ 'ਤੇ ਬੈਨ ਲਗਾਉਣ ਦੀ ਤਿਆਰੀ ਕਰ ਰਹੇ ਹਨ।

ਅਜਿਹਾ ਕਰਨ ਲਈ ਇੱਕ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨੂੰ 'ਟਿਕਟ ਸੇਲਸ ਐਕਟ' ਦਾ ਨਾਮ ਦਿੱਤਾ ਜਾ ਰਿਹਾ ਹੈ। ਸਾਲੀਸਿਟਰ ਜਨਰਲ ਦਾ ਕਹਿਣਾ ਹੈ ਕਿ NDP ਸਰਕਾਰ ਅਜਿਹਾ ਇਸ ਲਈ ਕਰ ਰਹੀ ਹੈ ਤਾਂ ਕਿ ਉਨ੍ਹਾਂ ਲੋਕਾਂ ਨੂੰ ਤਰਜੀਹ ਦਿੱਤੀ ਜਾ ਸਕੇ, ਜੋ ਕਿ ਅਸਲ ਵਿੱਚ ਜਾ ਕੇ ਕੋਈ ਸ਼ੋਅ ਜਾਂ ਕਾਨਸਰਟ ਵੇਖਣਾ ਚਾਹੁੰਦੇ ਹਨ, ਨਾ ਕਿ ਉਨ੍ਹਾਂ ਲੋਕਾਂ ਨੂੰ ਜੋ ਕਿ ਆਨਲਾਈਨ ਟਿਕਟਾਂ ਖਰੀਦ ਕੇ ਫੇਰ ਉਨ੍ਹਾਂ ਨੂੰ ਮਹਿੰਗੇ ਭਾਅ 'ਤੇ ਵੇਚਣ ਦੀ ਫਿਰਾਕ ਵਿੱਚ ਰਹਿੰਦੇ ਹਨ। ਇਸ ਕਨੂੰਨ ਤਹਿਤ ਟਿਕਟ ਵੇਚਣ ਵਾਲਿਆਂ ਨੂੰ ਰਿਫੰਡ ਗਰੰਟੀ ਦੇਣ ਦੀ ਵੀ ਲੋੜ ਹੋਵੇਗੀ।