ਨਵੀਂ ਦਿੱਲੀ: ਅੱਤਵਾਦੀ ਜਥੇਬੰਦੀ ਆਈਐਸ ਦੇ ਸਰਗਨਾ ਅਬੂ ਬਕਰ ਅਲ ਬਗਦਾਦੀ ਪਿਛਲੇ ਸਾਲ ਮਈ ਵਿੱਚ ਹਵਾਈ ਹਮਲੇ ਦੌਰਾਨ ਜ਼ਖਮੀ ਹੋ ਗਿਆ ਸੀ। ਉਸ ਨੂੰ ਪੰਜ ਮਹੀਨੇ ਤੱਕ ਆਪਣੀ ਜਥੇਬੰਦੀ ਦੀ ਕਮਾਨ ਛੱਡਣੀ ਪਈ ਸੀ।
ਅਮਰੀਕੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਖਬਰੀ ਚੈਨਲ 'ਸੀਐਨਐਨ' ਨੇ ਦੱਸਿਆ ਹੈ ਕਿ ਅਮਰੀਕੀ ਖੂਫੀਆ ਏਜੰਸੀਆਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਪਿਛਲੇ ਸਾਲ ਮਈ ਵਿੱਚ ਜਦੋਂ ਸੀਰੀਆ ਦੇ ਰੱਕਾ ਨੇੜੇ ਮਿਜ਼ਾਇਲ ਹਮਲਾ ਹੋਇਆ ਤਾਂ ਬਗਦਾਦੀ ਉੱਥੇ ਹੀ ਸੀ। ਉੱਤਰੀ ਸੀਰੀਆ ਵਿੱਚ ਕੈਦ ਲੋਕਾਂ ਤੇ ਸ਼ਰਨਾਰਥੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਖੂਫੀਆ ਏਜੰਸੀਆਂ ਦੇ ਲੋਕ ਇਸ ਨਤੀਜੇ 'ਤੇ ਪਹੁੰਚੇ ਹਨ।
ਇਹ ਸਾਫ ਨਹੀਂ ਹੋ ਸਕਿਆ ਹੈ ਕਿ ਬਗਦਾਦੀ ਦੀ ਹਾਲਤ ਗੰਭੀਰ ਸੀ ਜਾਂ ਨਹੀਂ ਪਰ ਇੰਨਾ ਜ਼ਰੂਰ ਹੈ ਕਿ ਉਹ ਆਪਣੀ ਪੋਸਟ ਤੋਂ ਪਿੱਛੇ ਹੋ ਗਿਆ ਸੀ। ਅਮਰੀਕੀ ਖੂਫੀਆ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਉੱਤਰੀ ਸੀਰੀਆ ਵਿੱਚ ਆਈਐਸ ਕੈਦੀਆਂ ਤੇ ਸ਼ਰਨਾਰਥੀਆਂ ਦੀ ਰਿਪੋਰਟ 'ਤੇ ਅਧਾਰਤ ਹੈ। ਇਹ ਰਿਪੋਰਟ ਹਵਾਈ ਹਮਲੇ ਦੇ ਕਈ ਮਹੀਨਿਆਂ ਬਾਅਦ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਗਦਾਦੀ ਦੀ ਸੱਟ ਜ਼ਿਆਦਾ ਖਤਰਨਾਕ ਨਹੀਂ ਸੀ ਪਰ ਉਹ ਰੋਜ਼ਾਨਾ ਹੋਣ ਵਾਲੇ ਇਲਾਜ ਕਾਰਨ ਅੱਤਵਾਦੀ ਗਤੀਵਿਧੀਆਂ ਨੂੰ ਵੇਖ ਨਹੀਂ ਰਿਹਾ ਸੀ।