ਵਾਸ਼ਿੰਗਟਨ: ਪਾਕਿਸਤਾਨ ਨੂੰ ਅੱਤਵਾਦ ਦੇ ਮੁੱਦੇ 'ਤੇ ਖਰੀ-ਖੋਟੀ ਸੁਣਾਉਣ ਵਾਲੇ ਅਮਰੀਕਾ ਨੇ ਪਾਕਿਸਤਾਨ ਲਈ 33.6 ਕਰੋੜ ਡਾਲਰ ਦੀ ਮਦਦ ਦਾ ਮਤਾ ਪੇਸ਼ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ 2019 ਲਈ 40 ਖਰਬ ਡਾਲਰ ਦਾ ਸਾਲਾਨਾ ਬਜਟ ਪੇਸ਼ ਕੀਤਾ। ਇਸ ਬਜਟ ਵਿੱਚ ਪਾਕਿਸਤਾਨ ਲਈ 25.6 ਕਰੋੜ ਡਾਲਰ ਦੀ ਮਦਦ ਤੇ ਅੱਠ ਕਰੋੜ ਡਾਲਰ ਦੀ ਫੌਜੀ ਮਦਦ ਦਾ ਮਤਾ ਪੇਸ਼ ਕੀਤਾ ਹੈ।

ਕੁਝ ਹਫਤੇ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਅੱਤਵਾਦੀ ਜਥੇਬੰਦੀਆਂ ਖਿਲਾਫ ਕਾਰਵਾਈ ਨਾ ਕਰਨ 'ਤੇ ਪਾਕਿਸਤਾਨ ਨੂੰ ਮਿਲਣ ਵਾਲੀ ਕਰੀਬ ਦੋ ਅਰਬ ਡਾਲਰ ਦੀ ਸੁਰੱਖਿਆ ਮਦਦ 'ਤੇ ਰੋਕ ਲਾ ਦਿੱਤੀ ਸੀ। ਵਾਈਟ ਹਾਉਸ ਨੇ ਕਿਹਾ ਸੀ ਕਿ ਅੱਤਵਾਦੀ ਜਥੇਬੰਦੀਆਂ ਖਿਲਾਫ ਐਕਸ਼ਨ ਲੈਣ ਤੋਂ ਬਾਅਦ ਉਹ ਰੋਕ ਹਟਾਉਣ ਬਾਰੇ ਸੋਚੇਗਾ।

ਹਮੇਸ਼ਾ ਤੋਂ ਇਹ ਸਵਾਲ ਆਉਂਦਾ ਰਿਹਾ ਹੈ ਕਿ ਜੇਕਰ ਅਮਰੀਕਾ ਅਸਲ ਵਿੱਚ ਪਾਕਿਸਤਾਨ ਵਿੱਚ ਅੱਤਵਾਦ ਖਤਮ ਕਰਨਾ ਚਾਹੁੰਦੇ ਹਨ ਤਾਂ ਪਾਕਿਸਤਾਨ ਨੂੰ ਫੌਜੀ ਆਰਥਿਕ ਮਦਦ ਬੰਦ ਕਰਨ। ਅਮਰੀਕਾ ਦੇ ਇਸ ਕਦਮ ਨਾਲ ਭਾਰਤ ਸਰਕਾਰ ਨੂੰ ਧੱਕਾ ਲੱਗਾ ਹੈ। ਭਾਰਤ ਦਾ ਕਹਿਣਾ ਹੈ ਕਿ ਅਮਰੀਕੀ ਫੰਡਾਂ ਨਾਲ ਹੀ ਪਾਕਿਸਤਾਨ ਗੁਆਂਢੀ ਮੁਲਕਾਂ ਵਿੱਚ ਅੱਤਵਾਦ ਫੈਲਾ ਰਿਹਾ ਹੈ।