ਚੰਡੀਗੜ੍ਹ: ਪਾਕਿਸਤਾਨ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਆਪਣਾ ਦੇਸ਼ ਛੱਡ ਕੇ ਹੁਣ ਪੰਜਾਬ ਦੇ ਸ਼ਹਿਰ ਖੰਨਾ ਵਿੱਚ ਆਪਣੇ ਸਹੁਰੇ ਘਰ ਰਹਿ ਰਹੇ ਹਨ। ਉਨ੍ਹਾਂ ਮੀਡੀਆ ਵਿੱਚ ਇਲਜ਼ਾਮ ਲਾਏ ਹਨ ਕਿ ਪਾਕਿਸਤਾਨ ਵਿੱਚ ਸਿੱਖ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ, ਇਸ ਲਈ ਉਨ੍ਹਾਂ ਨੂੰ ਭਾਰਤ ਵਿੱਚ ਸ਼ਰਨ ਦਿੱਤੀ ਜਾਵੇ। ਹੁਣ ਉਨ੍ਹਾਂ ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰੇ ਦੇ ਨਾਲ ਹੋ ਰਹੇ ਸਲੂਕ ਬਾਰੇ ਵੱਡਾ ਖ਼ੁਲਾਸਾ ਕੀਤਾ ਹੈ।


ਬਲਦੇਵ ਕੁਮਾਰ ਮੁਤਾਬਕ ਪਾਕਿਸਤਾਨ ਦੇ ਸਿੰਧ ਸੂਬੇ ਦੇ ਘੋਤਕੀ ਇਲਾਕੇ 'ਚ ਕੱਟੜਪੰਥੀਆਂ ਨੇ ਇਕ ਮੰਦਰ 'ਚ ਤੋੜਫੋੜ ਕੀਤੀ। ਇਹ ਵਿਵਾਦ ਸਥਾਨਕ ਹਾਈ ਸਕੂਲ ਦੇ ਇੱਕ ਹਿੰਦੂ ਅਧਿਆਪਕ 'ਤੇ ਈਸ਼ਨਿੰਦਾ ਦੇ ਝੂਠੇ ਦੋਸ਼ਾਂ ਤੋਂ ਸ਼ੁਰੂ ਹੋਇਆ। ਅਧਿਆਪਕ 'ਤੇ ਇੱਕ ਵਿਦਿਆਰਥੀ ਨੇ ਇਲਜ਼ਾਮ ਲਾਇਆ ਸੀ। ਇਸ ਦੀ ਖਬਰ ਜਦ ਕੱਟੜਪੰਥੀਆਂ ਨੂੰ ਲੱਗੀ ਤਾਂ ਉਨ੍ਹਾਂ ਨੇ ਸਕੂਲ ਅਤੇ ਮੰਦਰ 'ਤੇ ਹਮਲਾ ਕਰ ਦਿੱਤਾ ਤੇ ਜੰਮ ਕੇ ਤੋੜਫੋੜ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਹਮਲੇ ਦੌਰਾਨ ਦੋ ਹਿੰਦੂ ਕੁੜੀਆਂ ਨੂੰ ਵੀ ਚੁੱਕ ਕੇ ਨਾਲ ਲੈ ਗਏ। ਇਹ ਗੱਲ ਇਹ ਲੁਕਾਈ ਜਾ ਰਹੀ ਹੈ ਪਰ ਥੋੜੀ ਦੇਰ ਤੱਕ ਸਭ ਸਾਹਮਣੇ ਆ ਜਾਵੇਗਾ।


ਪਾਕਿਸਤਾਨ 'ਚ ਲਗਾਤਾਰ ਘੱਟ ਗਿਣਤੀ ਵਾਲੇ ਭਾਈਚਾਰੇ ਦੇ ਲੋਕਾਂ 'ਤੇ ਹੋ ਰਹੇ ਜ਼ੁਲਮਾਂ ਦੀ ਗੱਲ ਪਾਕਿਸਤਾਨ ਤੋਂ ਭਾਰਤ ਵਿੱਚ ਪਨਾਹ ਮੰਗ ਰਹੇ ਇਮਰਾਨ ਦੀ ਪਾਰਟੀ ਦੇ ਹੀ ਇਕ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ ਪਹਿਲਾਂ ਵੀ ਮੀਡੀਆ ਦੇ ਸਾਹਮਣੇ ਰੱਖੀ ਸੀ ਤੇ ਹੁਣ ਵੀ ਉਨ੍ਹਾਂ ਪਾਕਿਸਤਾਨ ਦੀ ਤਸਵੀਰ ਸਭ ਦੇ ਸਾਹਮਣੇ ਲਿਆਂਦੀ ਹੈ। ਉਨ੍ਹਾਂ ਪਾਕਿਸਤਾਨ ਦੇ ਹੁਕਮਰਾਨਾਂ ਨੂੰ ਕਿਹਾ ਕਿ ਉਹ ਸਿੱਖਾਂ, ਹਿੰਦੂਆਂ ਅਤੇ ਘੱਟਗਿਣਤੀਆਂ ਤੇ ਜ਼ੁਲਮ ਕਰਨਾ ਬੰਦ ਕਰਨ।