Baluchistan Accident : ਪਾਕਿਸਤਾਨ ਦੇ ਬਲੋਚਿਸਤਾਨ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ।  ਬਲੋਚਿਸਤਾਨ ’ਚ ਯਾਤਰੀਆਂ ਨਾਲ ਭਰੀ ਇਕ ਬੱਸ ਖੱਡ ’ਚ ਡਿੱਗ ਗਈ ਹੈ। ਇਸ ਹਾਦਸੇ ’ਚ ਘੱਟੋ-ਘੱਟ 39 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਰਾਹਤ ਅਤੇ ਬਚਾਅ ਲਈ ਪੁਲਿਸ ਅਤੇ ਰਾਹਤ ਕਰਮਚਾਰੀਆਂ ਦੀ ਟੀਮ ਮੌਕੇ ’ਤੇ ਪਹੁੰਚ ਗਈ ਹੈ। ਬਚਾਅ ਕਾਰਜ ਜਾਰੀ ਹੈ।

 

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬਲੋਚਿਸਤਾਨ ਦੇ ਲਾਸਬੇਲਾ ਇਲਾਕੇ 'ਚ ਵਾਪਰਿਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਖਾਈ 'ਚ ਡਿੱਗੀ ਬੱਸ 'ਚ ਕਰੀਬ 48 ਯਾਤਰੀ ਸਵਾਰ ਸਨ। ਬੱਸ ਕਵੇਟਾ ਤੋਂ ਕਰਾਚੀ ਜਾ ਰਹੀ ਸੀ। ਦੱਸਿਆ ਜਾਂਦਾ ਹੈ ਕਿ ਲਾਸਬੇਲਾ ਜ਼ਿਲੇ ਦੇ ਬੇਲਾ ਇਲਾਕੇ 'ਚ ਯੂ-ਟਰਨ ਲੈਂਦੇ ਸਮੇਂ ਬੱਸ ਪੁਲ ਦੇ ਪਿੱਲਰ ਨਾਲ ਟਕਰਾ ਗਈ ਅਤੇ ਖੱਡ ਵਿੱਚ ਜਾ ਡਿੱਗੀ ਅਤੇ ਬੱਸ ਨੂੰ ਖਾਈ 'ਚ ਡਿੱਗਣ ਤੋਂ ਬਾਅਦ ਅੱਗ ਲੱਗ ਗਈ। 

 


 

ਪਾਕਿਸਤਾਨੀ ਮੀਡੀਆ ਮੁਤਾਬਕ ਲਾਸਬੇਲਾ ਦੇ ਅਸਿਸਟੈਂਟ ਕਮਿਸ਼ਨਰ ਹਮਜ਼ਾ ਅੰਜੁਮ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ ਅਤੇ ਚੱਲ ਰਹੇ ਬਚਾਅ ਕਾਰਜ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਬੱਸ 'ਚ ਸਵਾਰ ਇਕ ਬੱਚੇ ਅਤੇ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ। ਤਿੰਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਬੱਸ 'ਚ ਸਵਾਰੀਆਂ ਦੀ ਕੁੱਲ ਗਿਣਤੀ ਬਾਰੇ ਅਜੇ ਤੱਕ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ।


 


  

ਉਨ੍ਹਾਂ ਨੇ ਇਹ ਵੀ ਖ਼ਦਸ਼ਾ ਜਤਾਇਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਦੌਰਾਨ ਈਧੀ ਫਾਊਂਡੇਸ਼ਨ ਦੇ ਸਾਦ ਈਧੀ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਹੁਣ ਤੱਕ 17 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।ਬੱਸ 'ਚ ਅਜੇ ਵੀ ਕੁਝ ਯਾਤਰੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ।