Baluchistan Bomb Blast: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਧਮਾਕੇ ਵਿੱਚ 34 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਪੁਲਿਸ ਫੋਰਸ ਦੇ ਕੁਝ ਲੋਕ ਵੀ ਸ਼ਾਮਲ ਹਨ ਤੇ ਕਈ ਹੋਰ ਲੋਕ ਜ਼ਖਮੀ ਹੋਏ ਹਨ। ਇਹ ਜਾਣਕਾਰੀ ਪਾਕਿਸਤਾਨੀ ਅਖ਼ਬਾਰ ਡਾਨ ਨੇ ਦਿੱਤੀ ਹੈ।


ਬੀਬੀਸੀ ਉਰਦੂ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਬਲੋਚਿਸਤਾਨ ਦੇ ਮਸਤੁੰਗ ਵਿੱਚ ਅਲ ਫਲਾਹ ਰੋਡ 'ਤੇ ਸਥਿਤ ਮਦੀਨਾ ਮਸਜਿਦ ਦੇ ਕੋਲ ਇੱਕ ਧਮਾਕਾ ਹੋਇਆ। ਇਹ ਘਟਨਾ ਉਦੋਂ ਵਾਪਰੀ ਜਦੋਂ ਲੋਕ ਈਦ ਮਿਲਾਦ-ਉਨ-ਨਬੀ ਦੇ ਮੌਕੇ 'ਤੇ ਜਲੂਸ ਕੱਢਣ ਲਈ ਉੱਥੇ ਇਕੱਠੇ ਹੋ ਰਹੇ ਸਨ।


ਬੀਬੀਸੀ ਉਰਦੂ ਨੇ ਮਸਤੁੰਗ ਦੇ ਐਸਐਸਪੀ ਸ਼ੋਏਬ ਮਸੂਦ ਦੇ ਹਵਾਲੇ ਨਾਲ ਕਿਹਾ ਕਿ ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੋਏਬ ਮਸੂਦ ਨੇ ਇਹ ਧਮਾਕਾ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ ਹੁਣ ਤੱਕ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।


ਡਾਨ ਅਖਬਾਰ ਨੇ ਸ਼ਹੀਦ ਨਵਾਬ ਗ਼ੌਸ ਬਖ਼ਸ਼ ਰਾਇਸਾਨੀ ਮੈਮੋਰੀਅਲ ਹਸਪਤਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ: ਸਈਦ ਮੀਰਵਾਨੀ ਦੇ ਹਵਾਲੇ ਨਾਲ ਮੌਤਾਂ ਦੀ ਪੁਸ਼ਟੀ ਕੀਤੀ ਹੈ। ਸਿਟੀ ਸਟੇਸ਼ਨ ਹਾਊਸ ਅਫਸਰ ਮੁਹੰਮਦ ਜਾਵੇਦ ਲਹਿਰੀ ਨੇ ਕਿਹਾ ਹੈ ਕਿ ਧਮਾਕੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਵੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਧਮਾਕਾ ਆਤਮਘਾਤੀ ਸੀ, ਜੋ ਕਿ ਡੀਐਸਪੀ ਗਿਸਕੌਰੀ ਦੀ ਕਾਰ ਨੇੜੇ ਹੋਇਆ।


ਬਲੋਚਿਸਤਾਨ ਦੇ ਅੰਤਰਿਮ ਸੂਚਨਾ ਮੰਤਰੀ ਜਾਨ ਅਚਕਜ਼ਈ ਨੇ ਕਿਹਾ ਕਿ ਇੱਕ ਬਚਾਅ ਦਲ ਮਸਤੁੰਗ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਕਵੇਟਾ ਲਿਜਾਇਆ ਜਾ ਰਿਹਾ ਹੈ ਅਤੇ ਸਾਰੇ ਹਸਪਤਾਲਾਂ 'ਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਜਾਨ ਅਚਕਜ਼ਈ ਨੇ ਕਿਹਾ, ਸਾਡੇ ਦੁਸ਼ਮਣ ਵਿਦੇਸ਼ੀ ਮਦਦ ਨਾਲ ਬਲੋਚਿਸਤਾਨ ਵਿੱਚ ਧਾਰਮਿਕ ਸਹਿਣਸ਼ੀਲਤਾ ਅਤੇ ਸ਼ਾਂਤੀ ਨੂੰ ਤਬਾਹ ਕਰਨਾ ਚਾਹੁੰਦੇ ਹਨ। ਧਮਾਕਾ ਅਸਹਿ ਹੈ।



ਪਾਕਿਸਤਾਨ ਦੇ ਅੰਤਰਿਮ ਗ੍ਰਹਿ ਮੰਤਰੀ ਸਰਫਰਾਜ਼ ਅਹਿਮਦ ਬੁਗਤੀ ਨੇ ਧਮਾਕੇ ਵਿੱਚ ਜਾਨਾਂ ਗੁਆਉਣ ਵਾਲਿਆਂ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ ਅਤੇ ਧਮਾਕੇ ਦੀ ਨਿੰਦਾ ਕੀਤੀ ਹੈ। ਬੁਗਤੀ ਨੇ ਕਿਹਾ ਕਿ ਅੱਤਵਾਦੀਆਂ ਦਾ ਕੋਈ ਧਰਮ ਜਾਂ ਵਿਸ਼ਵਾਸ ਨਹੀਂ ਹੁੰਦਾ ਅਤੇ ਬਚਾਅ ਮੁਹਿੰਮ ਦੌਰਾਨ ਸਾਰੇ ਸਾਧਨ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦੇ ਇਲਾਜ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਅੱਤਵਾਦੀ ਅਨਸਰ ਕਿਸੇ ਰਿਆਇਤ ਦੇ ਹੱਕਦਾਰ ਨਹੀਂ ਹਨ।