ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਸੋਮਵਾਰ (28 ਜੁਲਾਈ, 2025) ਨੂੰ ਹੋਈ ਗੋਲੀਬਾਰੀ ਦੀ ਇੱਕ ਭਿਆਨਕ ਘਟਨਾ ਵਿੱਚ ਘੱਟੋ-ਘੱਟ ਛੇ ਲੋਕ ਮਾਰੇ ਗਏ। ਇਹ ਹਮਲਾ ਸ਼ਹਿਰ ਦੇ ਓਰ ਟੋਰ ਕੋਰ ਮਾਰਕੀਟ ਵਿੱਚ ਹੋਇਆ, ਜੋ ਕਿ ਬੈਂਕਾਕ ਦੇ ਮਸ਼ਹੂਰ ਚਤੁਚਕ ਮਾਰਕੀਟ ਦੇ ਨੇੜੇ ਸਥਿਤ ਹੈ ਤੇ ਆਮ ਤੌਰ 'ਤੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨਾਲ ਭਰਿਆ ਹੁੰਦਾ ਹੈ। 

ਮ੍ਰਿਤਕਾਂ ਵਿੱਚ ਚਾਰ ਸੁਰੱਖਿਆ ਗਾਰਡ, ਇੱਕ ਔਰਤ ਅਤੇ ਹਮਲਾਵਰ ਖੁਦ ਸ਼ਾਮਲ ਸਨ, ਜਿਸਨੇ ਗੋਲੀਬਾਰੀ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਲਈ। ਇਹ ਜਾਣਕਾਰੀ ਇਰਾਵਾਨ ਐਮਰਜੈਂਸੀ ਮੈਡੀਕਲ ਸੈਂਟਰ ਤੋਂ ਸਾਹਮਣੇ ਆਈ ਹੈ, ਜੋ ਬੈਂਕਾਕ ਦੇ ਹਸਪਤਾਲਾਂ ਦੀ ਨਿਗਰਾਨੀ ਕਰਦਾ ਹੈ।

ਬੈਂਕ ਸੂ ਜ਼ਿਲ੍ਹੇ ਦੇ ਡਿਪਟੀ ਪੁਲਿਸ ਮੁਖੀ ਵੋਰਾਪਤ ਸੁਕਥਾਈ ਨੇ ਕਿਹਾ ਕਿ ਹੁਣ ਤੱਕ ਇਸਨੂੰ ਸਮੂਹਿਕ ਗੋਲੀਬਾਰੀ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, "ਪੁਲਿਸ ਹਮਲਾਵਰ ਦੀ ਪਛਾਣ ਅਤੇ ਹਮਲੇ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਕੀ ਗੋਲੀਬਾਰੀ ਦਾ ਥਾਈਲੈਂਡ ਤੇ ਕੰਬੋਡੀਆ ਵਿਚਕਾਰ ਚੱਲ ਰਹੇ ਸਰਹੱਦੀ ਵਿਵਾਦ ਨਾਲ ਕੋਈ ਸੰਭਾਵਿਤ ਸਬੰਧ ਹੈ।

ਥਾਈਲੈਂਡ ਵਿੱਚ ਵਧਦੀ ਹਿੰਸਾ ਚਿੰਤਾ ਦਾ ਵਿਸ਼ਾ 

ਥਾਈਲੈਂਡ ਵਿੱਚ ਅਜਿਹੀਆਂ ਗੋਲੀਬਾਰੀ ਨਵੀਂ ਨਹੀਂ ਹੈ। ਉੱਥੇ ਬੰਦੂਕਾਂ ਖਰੀਦਣਾ ਆਸਾਨ ਹੈ ਤੇ ਬੰਦੂਕ ਕੰਟਰੋਲ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਅਕਸਰ ਢਿੱਲ ਹੁੰਦੀ ਹੈ, ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰਦੀਆਂ ਹਨ। ਪੁਲਿਸ ਨੇ ਇਲਾਕੇ ਨੂੰ ਘੇਰਾ ਪਾ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਘਟਨਾ ਨਾਲ ਸਬੰਧਤ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।