Hindus in Bangladesh: ਬੰਗਲਾਦੇਸ਼ 'ਚ ਸੱਤਾ ਪਰਿਵਰਤਨ ਤੋਂ ਬਾਅਦ ਹਿੰਦੂ ਭਾਈਚਾਰਾ ਲਗਾਤਾਰ ਨਿਸ਼ਾਨੇ 'ਤੇ ਹੈ। ਹੁਣ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਵੱਲੋਂ ਇੱਕ ਹੋਰ ਤੁਗਲਕੀ ਫ਼ਰਮਾਨ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਬੰਗਲਾਦੇਸ਼ ਦੇ ਹਿੰਦੂ ਹੁਣ ਅਜ਼ਾਨ ਦੇ ਸਮੇਂ ਪੂਜਾ ਨਹੀਂ ਕਰ ਸਕਣਗੇ। ਅਜ਼ਾਨ ਤੇ ਨਮਾਜ਼ ਦੌਰਾਨ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਭਜਨ ਸੁਣਨ ਤੇ ਲਾਊਡਸਪੀਕਰ ਵਜਾਉਣ 'ਤੇ ਪਾਬੰਦੀ ਹੋਵੇਗੀ। ਇਸ ਸਬੰਧੀ ਅੰਤਰਿਮ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਤੇ ਸੇਵਾਮੁਕਤ ਲੈਫਟੀਨੈਂਟ ਜਨਰਲ ਮੁਹੰਮਦ ਜਹਾਂਗੀਰ ਆਲਮ ਚੌਧਰੀ ਨੇ ਹੁਕਮ ਜਾਰੀ ਕੀਤਾ ਹੈ।


 ਬੰਗਲਾਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਿੰਦੂ ਵਿਰੋਧੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਪੁਲਿਸ ਉਸ ਨੂੰ ਬਿਨਾਂ ਕਿਸੇ ਵਾਰੰਟ ਦੇ ਗ੍ਰਿਫ਼ਤਾਰ ਕਰੇਗੀ। ਬੰਗਲਾਦੇਸ਼ 'ਚ ਸੱਤਾ ਪਰਿਵਰਤਨ ਤੋਂ ਬਾਅਦ 300 ਹਿੰਦੂ ਪਰਿਵਾਰਾਂ ਅਤੇ ਉਨ੍ਹਾਂ ਦੇ ਘਰਾਂ 'ਤੇ ਹਮਲੇ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹਿੰਦੂਆਂ ਦੀ ਮੌਬ ਲਿੰਚਿੰਗ ਦੀਆਂ ਚਾਰ ਵੱਡੀਆਂ ਘਟਨਾਵਾਂ ਹੋਈਆਂ ਹਨ। 10 ਤੋਂ ਵੱਧ ਹਿੰਦੂ ਮੰਦਰਾਂ ਵਿੱਚ ਭੰਨ-ਤੋੜ ਅਤੇ ਅੱਗਜ਼ਨੀ ਕੀਤੀ ਗਈ ਹੈ।


 ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ 49 ਹਿੰਦੂ ਅਧਿਆਪਕਾਂ ਤੋਂ ਜਬਰੀ ਅਸਤੀਫੇ ਲਏ ਗਏ ਹਨ। ਦੂਜੇ ਪਾਸੇ ਕਤਲੇਆਮ ਕਰਨ ਵਾਲੇ ਅੱਤਵਾਦੀ ਜੇਲ੍ਹਾਂ ਵਿੱਚੋਂ ਰਿਹਾਅ ਹੋ ਰਹੇ ਹਨ। ਹੁਣ ਨਵੇਂ ਹੁਕਮਾਂ ਤੋਂ ਬਾਅਦ ਦੁਰਗਾ ਪੂਜਾ ਪੰਡਾਲਾਂ 'ਚ ਪੂਜਾ ਅਤੇ ਲਾਊਡ ਸਪੀਕਰ ਵਜਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।


 ਸਰਕਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਫੈਸਲੇ ਦੀ ਪਾਲਣਾ ਉਨ੍ਹਾਂ ਕਮੇਟੀਆਂ ਨੂੰ ਵੀ ਕਰਨੀ ਪਵੇਗੀ ਜੋ ਅਗਲੇ ਮਹੀਨੇ 9 ਅਕਤੂਬਰ ਤੋਂ 13 ਅਕਤੂਬਰ ਤੱਕ ਬੰਗਲਾਦੇਸ਼ ਦੇ ਅੰਦਰ ਦੁਰਗਾ ਪੰਡਾਲ ਸਥਾਪਤ ਕਰਨਗੀਆਂ। ਇਨ੍ਹਾਂ ਸਾਰੇ ਪੂਜਾ ਪੰਡਾਲਾਂ ਵਿੱਚ ਅਜ਼ਾਨ ਤੋਂ ਪੰਜ ਮਿੰਟ ਪਹਿਲਾਂ ਹਰ ਤਰ੍ਹਾਂ ਦੀ ਪੂਜਾ ਅਤੇ ਧਾਰਮਿਕ ਰਸਮਾਂ ਨੂੰ ਬੰਦ ਕਰਨਾ ਹੋਵੇਗਾ। ਅਜ਼ਾਨ ਤੇ ਨਮਾਜ਼ ਦੌਰਾਨ ਲਾਊਡਸਪੀਕਰ 'ਤੇ ਭਜਨ ਸੁਣਨ ਅਤੇ ਧਾਰਮਿਕ ਮੰਤਰਾਂ ਦਾ ਉਚਾਰਨ ਕਰਨ 'ਤੇ ਪੂਰਨ ਪਾਬੰਦੀ ਹੋਵੇਗੀ।






 ਸਥਾਨਕ ਮੀਡੀਆ ਵਿੱਚ ਦੱਸਿਆ ਗਿਆ ਹੈ ਕਿ ਇਹ ਹੁਕਮ ਜਾਰੀ ਕਰਨ ਤੋਂ ਪਹਿਲਾਂ ਇੱਕ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਅੰਤਰਿਮ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਮੁਹੰਮਦ ਜਹਾਂਗੀਰ ਆਲਮ ਚੌਧਰੀ ਮੀਡੀਆ ਦੇ ਸਾਹਮਣੇ ਆਏ ਅਤੇ ਮੀਟਿੰਗ ਵਿੱਚ ਲਏ ਗਏ ਫੈਸਲੇ ਦੀ ਜਾਣਕਾਰੀ ਦਿੱਤੀ। ਇਸ ਨਾਲ ਜੁੜਿਆ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।