BAPS Temple: ਕੈਲੀਫੋਰਨੀਆ ਦੇ ਚਿਨੋ ਹਿਲਜ਼ ਵਿੱਚ ਸਥਿਤ BAPS ਸ਼੍ਰੀ ਸਵਾਮੀਨਾਰਾਇਣ ਮੰਦਰ, ਜੋ ਕਿ ਅਮਰੀਕਾ ਦੇ ਸਭ ਤੋਂ ਵੱਡੇ ਹਿੰਦੂ ਮੰਦਰਾਂ ਵਿੱਚੋਂ ਇੱਕ ਹੈ, ਨੂੰ ਐਤਵਾਰ (9 ਮਾਰਚ) ਨੂੰ ਅਣਪਛਾਤੇ ਸਮਾਜ ਵਿਰੋਧੀ ਤੱਤਾਂ ਨੇ ਨੁਕਸਾਨ ਪਹੁੰਚਾਇਆ। ਹਮਲਾਵਰਾਂ ਨੇ ਮੰਦਰ ਦੀਆਂ ਕੰਧਾਂ 'ਤੇ "ਹਿੰਦੂ ਵਾਪਸ ਜਾਓ" ਤੇ ਹੋਰ "ਭਾਰਤ ਵਿਰੋਧੀ" ਸੁਨੇਹੇ ਲਿਖ ਕੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ।
ਇਸ ਘਟਨਾ ਤੋਂ ਬਾਅਦ ਸਥਾਨਕ ਹਿੰਦੂ ਭਾਈਚਾਰੇ ਵਿੱਚ ਡੂੰਘਾ ਗੁੱਸਾ ਅਤੇ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਬੀਏਪੀਐਸ ਦੇ ਅਮਰੀਕੀ ਵਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਨਫ਼ਰਤ ਨੂੰ ਪੈਰ ਜਮਾਉਣ ਨਹੀਂ ਦੇਣਗੇ ਤੇ ਸ਼ਾਂਤੀ ਅਤੇ ਦਇਆ ਹਮੇਸ਼ਾ ਪ੍ਰਬਲ ਰਹੇਗੀ। ਪੋਸਟ ਵਿੱਚ ਲਿਖਿਆ ਸੀ, "ਇੱਕ ਹੋਰ ਮੰਦਰ ਦੀ ਬੇਅਦਬੀ ਕੀਤੀ ਗਈ ਹੈ, ਪਰ ਹਿੰਦੂ ਭਾਈਚਾਰਾ ਨਫ਼ਰਤ ਦੇ ਵਿਰੁੱਧ ਮਜ਼ਬੂਤੀ ਨਾਲ ਖੜ੍ਹਾ ਰਹੇਗਾ। ਅਸੀਂ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਾਂਗੇ।"
ਇਹ ਧਿਆਨ ਦੇਣ ਯੋਗ ਹੈ ਕਿ ਚਿਨੋ ਹਿਲਜ਼ ਪੁਲਿਸ ਵਿਭਾਗ ਨੇ ਇਸ ਘਟਨਾ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਇਸ ਦੌਰਾਨ, 'ਕੋਲੀਸ਼ਨ ਆਫ ਹਿੰਦੂਜ਼ ਆਫ ਨੌਰਥ ਅਮਰੀਕਾ' (CoHNA) ਨੇ ਵੀ ਇਹ ਮੁੱਦਾ ਉਠਾਇਆ ਤੇ ਕਿਹਾ ਕਿ ਇਹ ਘਟਨਾ ਲਾਸ ਏਂਜਲਸ ਵਿੱਚ ਪ੍ਰਸਤਾਵਿਤ 'ਖਾਲਿਸਤਾਨ ਰੈਫਰੈਂਡਮ' ਤੋਂ ਪਹਿਲਾਂ ਵਾਪਰੀ ਸੀ, ਜਿਸ ਨਾਲ ਇਸ ਹਮਲੇ ਦੇ ਸੰਭਾਵਿਤ ਮਨੋਰਥਾਂ 'ਤੇ ਸਵਾਲ ਖੜ੍ਹੇ ਹੁੰਦੇ ਹਨ।
CoHNA ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਅਤੇ ਪਿਛਲੇ ਕੁਝ ਸਾਲਾਂ ਵਿੱਚ ਅਮਰੀਕਾ ਵਿੱਚ ਹਿੰਦੂ ਮੰਦਰਾਂ 'ਤੇ ਹੋਏ ਹੋਰ ਹਮਲਿਆਂ ਦੀ ਸੂਚੀ ਵੀ ਸਾਂਝੀ ਕੀਤੀ। ਰਿਪੋਰਟ ਦੇ ਅਨੁਸਾਰ, ਪਿਛਲੇ ਸਾਲ 25 ਸਤੰਬਰ ਨੂੰ, ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ BAPS ਮੰਦਰ ਵਿੱਚ ਵੀ ਭੰਨਤੋੜ ਕੀਤੀ ਗਈ ਸੀ। ਇਸ ਤੋਂ ਇਲਾਵਾ 10 ਦਿਨ ਪਹਿਲਾਂ ਨਿਊਯਾਰਕ ਦੇ ਬੀਏਪੀਐਸ ਮੰਦਰ ਵਿੱਚ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਹਿੰਦੂ ਸੰਗਠਨਾਂ ਨੇ ਇਨ੍ਹਾਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :