ਮਾਸਕੋ: ਰੂਸ ਦੇ ਸਾਇਬੇਰੀਆ ਸਥਿਤ ਸਿਰਿੰਸਕੀ ‘ਚ ਪੁਤਿਨ ਦੇ ਕਰੀਬੀ ਅਫ਼ਸਰ ਦਾ ਪੱਤਰਕਾਰ ਨੂੰ ਕੁੱਟਦੇ ਹੋਏ ਵੀਡੀਓ ਵਾਇਰਲ ਹੋ ਰਿਹਾ ਹੈ। ਅਸਲ ‘ਚ ਰਿਪੋਟਰ ਨੇ ਸਿਰਿੰਸਕੀ ਜ਼ਿਲ੍ਹੇ ਦੇ ਮੁਖੀ ਸਰਗੋਈ ਜਾਏਤਸੇਵ ਤੋਂ ਭ੍ਰਿਸ਼ਟਾਚਾਰ ਨੂੰ ਲੈ ਕੇ ਸਵਾਲ ਕੀਤਾ ਸੀ। ਇਸ ‘ਤੇ ਗੁੱਸੇ ‘ਚ ਜਾਏਤਸੇਵ ਨੇ ਰਿਪੋਰਟਰ ਇਵਾਨ ਲਿਤੋਮਿਨ ਨੂੰ ਫੜ੍ਹ ਉਸ ਨੂੰ ਜ਼ਮੀਨ ‘ਤੇ ਸੁੱਟ ਦਿਤਾ।



ਇਹ ਮਾਮਲਾ ਸੁੱਰਖੀਆਂ ‘ਚ ਉਦੋਂ ਆਇਆ ਜਦੋਂ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਅਫ਼ਸਰਾਂ ਨੂੰ ਨੌਕਰੀ ਤੋਂ ਹਟਾਉਣ ਦੀ ਮੰਗ ਕੀਤੀ। 2015 ‘ਚ ਸਾਇਬੇਰੀਆ ਦੇ ਜੰਗਲਾਂ ‘ਚ ਅੱਗ ਲੱਗੀ ਸੀ। ਇਸ ‘ਚ 1500 ਘਰ ਤਬਾਹ ਹੋ ਗਏ ਸੀ ਤੇ 30 ਲੋਕਾਂ ਦੀ ਅੱਗ ‘ਚ ਸੜਣ ਕਰਕੇ ਮੌਤ ਤੇ 54 ਲੋਕ ਜ਼ਖ਼ਮੀ ਹੋਏ ਸੀ। ਜਾਏਤਸੇਵ ਨੂੰ ਲਾਪ੍ਰਵਾਹੀ ਵਰਤਣ ਕਰਕੇ ਚਾਰ ਸਾਲ ਜੇਲ੍ਹ ਵੀ ਭੇਜਿਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।



ਇਸ ਘਟਨਾ ਤੋਂ ਬਾਅਦ ਪੁਤਿਨ ਸਰਕਾਰ ਨੇ ਮੁਆਵਜ਼ੇ ਵਜੋਂ 6.10 ਕਰੋੜ ਪਾਉਂਡ (538 ਕਰੋੜ ਰੁਪਏ) ਰਾਹਤ ਰਕਮ ਵਜੋਂ ਐਲਾਨ ਕੀਤੀ ਸੀ। ਰੂਸੀ ਮੀਡੀਆ ਮੁਤਾਬਕ ਨੌਕਰੀ ‘ਤੇ ਵਾਪਸੀ ਤੋਂ ਬਾਅਦ ਜਾਏਤਸੇਵ ਨੇ ਉਸੇ ਕੰਪਨੀ ਤੋਂ ਆਪਣਾ ਘਰ ਬਣਵਾਇਆ ਜਿਸ ਨੇ ਲੋਕਾਂ ਲਈ ਖ਼ਰਾਬ ਕੁਆਲਟੀ ਵਾਲੇ ਘਰ ਬਣਾਏ ਸੀ। ਇਸ ਬਾਰੇ ਰਿਪੋਟਰ ਨੇ ਉਸ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਘਰ ਬਣਵਾਉਣ ਲਈ ਲੱਗੇ 538 ਕਰੋੜ ਰੁਪਏ ਆਪਣੇ ਨਿੱਜੀ ਮਕਾਨ ਬਣਾਉਣ ‘ਤੇ ਲਾਏ ਹਨ।



ਪੱਤਰਕਾਰ ਨੂੰ ਉਸ ਦੇ ਕੰਮ ਤੋਂ ਰੋਕਣ ਲਈ ਜਾਏਤਸੇਵ ਖਿਲਾਫ ਜਾਂਚ ਬਠਾਈ ਗਈ ਹੈ। ਇਲਜ਼ਾਮ ਸਾਬਤ ਹੋਣ ‘ਤੇ ਉਸ ਨੂੰ ਛੇ ਸਾਲ ਦੀ ਸਜ਼ਾ ਹੋ ਸਕਦੀ ਹੈ। ਪੁਤਿਨ ਦੀ ਯੂਨਾਈਟਡ ਰੂਸ ਪਾਰਟੀ ਨੇ ਵੀ ਮੰਗਲਵਾਰ ਨੂੰ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।