India-Canada Row: ਖਾਲਿਸਤਾਨੀਆਂ ਨੂੰ ਲੈ ਕੇ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਚੱਲ ਰਿਹਾ ਹੈ। ਇੱਕ ਪਾਸੇ ਕੈਨੇਡਾ ਇਨ੍ਹਾਂ ਖਾਲਿਸਤਾਨ ਪੱਖੀਆਂ ਨੂੰ ਪਨਾਹ ਦੇ ਰਿਹਾ ਹੈ, ਜਦਕਿ ਦੂਜੇ ਪਾਸੇ ਭਾਰਤ ਇਨ੍ਹਾਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਿਹਾ ਹੈ। ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ 'ਤੇ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਨੂੰ ਮਾਰਨ ਦਾ ਦੋਸ਼ ਲਗਾਇਆ ਤਾਂ ਭਾਰਤ ਨੇ ਸਖ਼ਤੀ ਦਿਖਾਉਂਦੇ ਹੋਏ ਕੈਨੇਡਾ ਦੇ ਵੀਜ਼ੇ 'ਤੇ ਪਾਬੰਦੀ ਲਾ ਦਿੱਤੀ।
ਭਾਰਤੀ ਖੁਫੀਆ ਵਿਭਾਗ ਦੇ ਤਾਜ਼ਾ ਖੁਲਾਸਿਆਂ ਨੇ ਕੈਨੇਡਾ ਵਿੱਚ ਖਾਲਿਸਤਾਨੀਆਂ ਦੇ ਨੈੱਟਵਰਕ ਦੀ ਮੌਜੂਦਗੀ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਭਾਰਤੀ ਅਧਿਕਾਰੀਆਂ ਦੁਆਰਾ ਮੁਹੱਈਆ ਕਰਵਾਏ ਗਏ ਡੋਜ਼ੀਅਰ ਵਿੱਚ ਪਾਬੰਦੀਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਤੇ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਨਾਲ ਕਥਿਤ ਤੌਰ 'ਤੇ ਜੁੜੇ ਕਈ ਕੈਨੇਡੀਅਨ ਨਾਗਰਿਕਾਂ ਦੀ ਪਛਾਣ ਕੀਤੀ ਗਈ ਹੈ।
ਭਾਰਤੀ ਖੁਫੀਆ ਜਾਣਕਾਰੀ ਅਨੁਸਾਰ ਮੂਲ ਰੂਪ ਵਿੱਚ ਪੰਜਾਬ ਦਾ 50 ਸਾਲਾ ਗੁਰਜੀਤ ਸਿੰਘ ਚੀਮਾ ਕੈਨੇਡੀਅਨ ਨਾਗਰਿਕ ਹੈ। ਉਹ ISYF ਤੇ KLF ਦਾ ਮੈਂਬਰ ਹੈ ਜੋ ਟੋਰਾਂਟੋ ਵਿੱਚ 'ਸਿੰਘ ਖਾਲਸਾ ਸੇਵਾ ਕਲੱਬ' ਨਾਲ ਜੁੜਿਆ ਹੋਇਆ ਹੈ। ਚੀਮਾ ਵਰਤਮਾਨ ਵਿੱਚ ਬਰੈਂਪਟਨ, ਓਂਟਾਰੀਓ ਵਿੱਚ ਰਹਿੰਦਾ ਹੈ ਤੇ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਹੈ। ਏਜੰਸੀਆਂ ਦਾ ਇਲਜ਼ਾਮ ਹੈ ਕਿ ਚੀਮਾ ਸਾਲ 2017 ਵਿੱਚ ਭਾਰਤ ਆਇਆ ਸੀ ਤੇ ਇਸ ਦੌਰਾਨ ਉਸ ਨੇ ਇੱਕ ਮਾਡਿਊਲ ਦਾ ਸੰਚਾਲਨ ਕੀਤਾ ਸੀ।
ਡੋਜ਼ੀਅਰ ਮੁਤਾਬਕ ਭਾਰਤ ਆਉਣ ਤੋਂ ਬਾਅਦ ਉਸ 'ਤੇ ਗੁਰਪ੍ਰੀਤ ਸਿੰਘ ਬਰਾੜ ਤੇ ਸੁਖਮਨਪ੍ਰੀਤ ਸਿੰਘ ਨੂੰ ਪ੍ਰੇਰਿਤ ਕਰਕੇ ਕੱਟੜਪੰਥੀ ਬਣਾਉਣ ਦੇ ਦੋਸ਼ ਲੱਗੇ ਸਨ। ਡੋਜ਼ੀਅਰ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਚੀਮਾ ਨੇ ਸਰਬਜੀਤ ਸਿੰਘ ਨੂੰ ਮਾਡਿਊਲ ਵਿੱਚ ਸ਼ਾਮਲ ਹੋਣ ਲਈ ਉਕਸਾਇਆ ਸੀ। ਇਸ ਸਮੇਂ ਦੌਰਾਨ ਉਹ ਸਥਾਨਕ ਪਿਸਤੌਲ ਤੇ ਆਪਣੇ ਸਾਥੀਆਂ ਲਈ ਫੰਡ ਇਕੱਠਾ ਕਰਨ ਦਾ ਕੰਮ ਵੀ ਕਰ ਰਿਹਾ ਸੀ। ਮਈ 2017 ਵਿੱਚ ਉਸ ਨੇ ਪਾਕਿਸਤਾਨ ਤੋਂ ਹਥਿਆਰ ਵੀ ਮੰਗਵਾਏ ਸਨ।
ਇਸ ਤੋਂ ਇਲਾਵਾ ਡੋਜ਼ੀਅਰ ਵਿੱਚ ਗੁਰਜਿੰਦਰ ਸਿੰਘ ਪੰਨੂ ਦਾ ਨਾਂ ਵੀ ਲਿਆ ਗਿਆ ਹੈ। ਪੰਨੂ ਵਰਤਮਾਨ ਵਿੱਚ ਈਸਟ ਹੈਮਿਲਟਨ, ਓਂਟਾਰੀਓ ਵਿੱਚ ਰਹਿੰਦਾ ਹੈ ਤੇ ISYF ਤੇ KLF ਦੇ ਮੈਂਬਰ ਵਜੋਂ ਕੰਮ ਕਰ ਰਿਹਾ ਹੈ। ਉਹ ਟੋਰਾਂਟੋ ਵਿੱਚ ‘ਸਿੰਘ ਖਾਲਸਾ ਸੇਵਾ ਕਲੱਬ’ ਨਾਲ ਵੀ ਜੁੜਿਆਂ ਹੋਇਆ ਹੈ। ਡੋਜ਼ੀਅਰ ਅਨੁਸਾਰ, ਪੰਨੂ 'ਤੇ ਮਾਰਚ 2017 ਵਿੱਚ ਭਾਰਤ ਵਿੱਚ ਆਈਐਸਵਾਈਐਫ ਮਾਡਿਊਲ ਮੈਂਬਰਾਂ ਨੂੰ ਸਥਾਨਕ ਹਥਿਆਰਾਂ ਦੀ ਖਰੀਦ ਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਚਲਾਉਣ ਲਈ ਫੰਡ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਉਸ 'ਤੇ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਬਲਕਾਰ ਸਿੰਘ ਨਾਂ ਦੇ ਵਿਅਕਤੀ ਨੂੰ ਭਾਰਤ ਵਿੱਚ ਮਾਡਿਊਲ ਮੈਂਬਰਾਂ ਨੂੰ ਸਥਾਨਕ ਹਥਿਆਰਾਂ ਦੀ ਹਵਾਲਗੀ ਦੀ ਸਹੂਲਤ ਦੇਣ ਲਈ ਪੈਸੇ ਭੇਜਣ ਦਾ ਵੀ ਦੋਸ਼ ਹੈ। ਚੀਮਾ ਵਾਂਗ ਪੰਨੂ 'ਤੇ ਵੀ ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਦੇ ਦੋਸ਼ ਲੱਗੇ ਹਨ।
ਡੋਜ਼ੀਅਰ ਅਨੁਸਾਰ, 38 ਸਾਲਾ ਗੁਰਪ੍ਰੀਤ ਸਿੰਘ ਬਰਾੜ ਕਈ ਖਾਲਿਸਤਾਨ ਸਮਰਥਕਾਂ ਵਿੱਚੋਂ ਇੱਕ ਹੈ। ਉਸ ਕੋਲ ਕੈਨੇਡੀਅਨ ਪਾਸਪੋਰਟ ਹੈ ਜਿਸ ਦਾ ਨੰਬਰ H182001 ਹੈ। ਵਰਤਮਾਨ ਵਿੱਚ ਉਹ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦਾ ਹੈ ਤੇ ਸਿੰਘ ਖਾਲਸਾ ਕਲੱਬ ਨਾਲ ਜੁੜਿਆ ਹੋਇਆ ਹੈ। ਚੀਮਾ ਵੀ ਇਸ ਕਲੱਬ ਦਾ ਮੈਂਬਰ ਹੈ। ਡੋਜ਼ੀਅਰ ਤੋਂ ਪਤਾ ਚੱਲਦਾ ਹੈ ਕਿ ਬਰਾੜ ਤੇ ਚੀਮਾ ਸਤਪਾਲ ਸਿੰਘ ਦੀ ਦੇਖ-ਰੇਖ ਹੇਠ ਪੰਜਾਬ ਵਿੱਚ ਖਾਲਸਾ ਸੇਵਾ ਕਲੱਬ ਡਗਰੂ ਨਾਂ ਦਾ ਸਬ-ਕਲੱਬ ਬਣਾਉਣ ਵਿੱਚ ਸ਼ਾਮਲ ਸੀ। ਮਾਰਚ 2016 ਵਿੱਚ ਆਪਣੀ ਭਾਰਤ ਫੇਰੀ ਦੌਰਾਨ, ਗੁਰਪ੍ਰੀਤ ਸਿੰਘ 'ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਿਅਕਤੀਆਂ ਨੂੰ ਪ੍ਰੇਰਿਤ ਕਰਨ ਦਾ ਦੋਸ਼ ਹੈ।