Emergency Landing of Flight BG 436: ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਹੁੰਦਿਆਂ-ਹੁੰਦਿਆਂ ਟੱਲ ਗਿਆ। ਦਰਅਸਲ, ਬੰਗਲਾਦੇਸ਼ ਦੀ ਰਾਸ਼ਟਰੀ ਏਅਰਲਾਈਨ ਕੰਪਨੀ ਬਿਮਾਨ ਬੰਗਲਾਦੇਸ਼ ਏਅਰਲਾਈਂਸ ਦੀ ਇੱਕ ਫਲਾਈਟ BG 436 ਨੇ ਕੋਕਸ ਬਜ਼ਾਰ ਹਵਾਈ ਅੱਡੇ ਤੋਂ ਰਾਜਧਾਨੀ ਢਾਕਾ ਸ਼ਾਹਜਲਾਲ ਕੌਮਾਂਤਰੀ ਹਵਾਈ ਅੱਡੇ ਲਈ ਉਡਾਣ ਭਰੀ ਸੀ। ਏਅਰਪੋਰਟ ਤੋਂ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਮੇਨ ਲੈਂਡਿੰਗ ਗੀਅਰ ਦਾ ਪਹੀਆ ਹਵਾ ਵਿੱਚ ਹੇਠਾਂ ਡਿੱਗ ਗਿਆ।
ਜਿਵੇਂ ਹੀ ਜਹਾਜ਼ ਦਾ ਪਹੀਆ ਹੇਠਾਂ ਡਿੱਗਿਆ ਤਾਂ ਸਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਗਿਆ ਹੈ। ਇਹ ਸੂਚਨਾ ਮਿਲਦੇ ਹੀ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਅਤੇ ਬਚਾਅ ਟੀਮਾਂ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਜਹਾਜ਼ ਨੂੰ ਸੁਰੱਖਿਅਤ ਉਤਾਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ। ਏਅਰਲਾਈਨ ਕੰਪਨੀ ਦੇ ਅਧਿਕਾਰੀਆਂ ਅਨੁਸਾਰ, ਜਹਾਜ਼ ਵਿੱਚ ਕੁੱਲ 71 ਯਾਤਰੀ ਸਵਾਰ ਸਨ।
ਏਅਰਲਾਈਨ ਕੰਪਨੀ ਦੇ ਅਧਿਕਾਰੀ ਨੇ ਦਿੱਤੀ ਜਾਣਕਾਰੀਬਿਮਾਨ ਏਅਰਲਾਈਨਜ਼ ਕੰਪਨੀ ਦੇ ਜਨਸੰਪਰਕ ਜਨਰਲ ਮੈਨੇਜਰ ਏਬੀਐਮ ਰੌਸ਼ਨ ਕਬੀਰ ਨੇ ਦ ਡੇਲੀ ਸਟਾਰ ਨੂੰ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਫਲਾਈਟ ਬੀਜੀ 436 ਨੇ ਕਾਕਸ ਬਾਜ਼ਾਰ ਹਵਾਈ ਅੱਡੇ ਤੋਂ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣ ਭਰੀ।
ਉਨ੍ਹਾਂ ਕਿਹਾ ਕਿ ਜਹਾਜ਼ ਦੇ ਪਹੀਏ ਦੇ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ, ਬਿਮਾਨ ਦੇ ਇੰਜੀਨੀਅਰਿੰਗ ਵਿਭਾਗ ਅਤੇ ਹਵਾਈ ਅੱਡਾ ਅਥਾਰਟੀ ਨੇ ਜਹਾਜ਼ ਦੇ ਖੱਬੇ ਪਾਸੇ ਇੱਕ ਵੀ ਪਹੀਏ ਤੋਂ ਬਿਨਾਂ ਸੁਰੱਖਿਅਤ ਲੈਂਡਿੰਗ ਕਰਨ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਸਨ। ਜਹਾਜ਼ ਦੇ ਪਾਇਲਟ ਨੇ ਇਸ ਸਥਿਤੀ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਅਤੇ ਬਿਨਾਂ ਕਿਸੇ ਅਣਕਿਆਸੇ ਹਾਦਸੇ ਦੇ ਢਾਕਾ ਦੇ ਹਜ਼ਰਤ ਸ਼ਾਹਜਲਾਲ ਹਵਾਈ ਅੱਡੇ 'ਤੇ ਜਹਾਜ਼ ਨੂੰ ਸੁਰੱਖਿਅਤ ਉਤਾਰਿਆ। ਉਨ੍ਹਾਂ ਕਿਹਾ ਕਿ ਜਹਾਜ਼ ਅਤੇ ਉਸ ਵਿੱਚ ਸਵਾਰ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਬਿਮਾਨ ਏਅਰਲਾਈਨਜ਼ ਕੰਪਨੀ ਦੇ ਪਬਲਿਕ ਰਿਲੇਸ਼ਨ ਜਨਰਲ ਮੈਨੇਜਰ ਏਬੀਐਮ ਰੋਸ਼ਨ ਕਬੀਰ ਨੇ ਅੱਗੇ ਕਿਹਾ ਕਿ ਇਹ ਘਟਨਾ ਬਹੁਤ ਗੰਭੀਰ ਹੈ। ਏਅਰਲਾਈਨ ਕੰਪਨੀ ਦਾ ਇੰਜੀਨੀਅਰਿੰਗ ਵਿਭਾਗ ਇਸ ਘਟਨਾ ਦੀ ਜਾਂਚ ਕਰੇਗਾ, ਤਾਂ ਜੋ ਇਹ ਪਤਾ ਲੱਗ ਸਕੇ ਕਿ ਜਹਾਜ਼ ਦਾ ਪਹੀਆ ਕਿਉਂ ਅਤੇ ਕਿਸ ਕਾਰਨ ਕਰਕੇ ਵੱਖ ਹੋਇਆ।