ਚੰਡੀਗੜ੍ਹ: ਫੌਜ ਮੁਖੀ ਬਿਪਿਨ ਰਾਵਤ ਨੇ ਪਾਕਿਸਤਾਨ ਵੱਲੋਂ ਦੋਸਤੀ ਦਾ ਹੱਥ ਵਧਾਉਣ ਬਾਰੇ ਸਾਫ ਤੇ ਸਪਸ਼ਟ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਤੇ ਗੱਲਬਾਤ ਇੱਕੋ ਵੇਲੇ ਨਹੀਂ ਹੋ ਸਕਦੇ। ਪਾਕਿਸਤਾਨ ਮੁਸਲਿਮ ਦੇਸ਼ ਬਣ ਚੁੱਕਾ ਹੈ। ਜੇ ਪਾਕਿਸਤਾਨ ਨੂੰ ਭਾਰਤ ਨਾਲ ਰਿਸ਼ਤਾ ਬਣਾਉਣਾ ਹੈ ਤਾਂ ਉਸ ਨੂੰ ਧਰਮ ਨਿਰਪੱਖ ਹੋਣਾ ਪਏਗਾ। ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਹੀ ਧਰਮ ਨਿਰਪੱਖ ਹੈ ਤੇ ਜੇ ਪਾਕਿਸਤਾਨ ਭਾਰਤ ਵਾਂਗ ਬਣਨ ਦੀ ਇੱਛਾ ਰੱਖਦਾ ਹੈ ਤਾਂ ਉਸ ਨੂੰ ਸੰਭਾਵਨਾ ਤਲਾਸ਼ਣੀ ਚਾਹੀਦੀ ਹੈ।


ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਵੇਲੇ ਭਾਰਤ ਨਾਲ ਦੋਸਤੀ ’ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਸਿਰਫ ਕਸ਼ਮੀਰ ਦਾ ਹੀ ਇੱਕ ਮੁੱਦਾ ਹੈ। ਲੋਕ ਚੰਦ ’ਤੇ ਪਹੁੰਚ ਗਏ ਹਨ ਪਰ ਅਸੀਂ ਉੱਥੇ ਦੇ ਉੱਥੇ ਖੜ੍ਹੇ ਹਾਂ। ਪੀਐਮ ਇਮਰਾਨ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਭਾਰਤ ਦੋਸਤੀ ਦਾ ਇੱਕ ਕਦਮ ਵਧਾਏ ਤਾਂ ਉਹ ਦੋ ਕਦਮ ਅੱਗੇ ਵਧਾਉਣਗੇ।



ਇੱਧਰੋਂ ਫੌਜ ਮੁਖੀ ਨੇ ਕਿਹਾ ਹੈ ਕਿ ਪਾਕਿਸਤਾਨ ਕਹਿ ਤਾਂ ਰਿਹਾ ਹੈ ਕਿ ਜੇ ਭਾਰਤ ਉਨ੍ਹਾਂ ਵੱਲ ਇੱਕ ਕਦਮ ਅੱਗੇ ਵਧਾਏ ਤਾਂ ਉਹ ਦੋ ਕਦਮ ਅੱਗੇ ਵਧਾਉਣਗੇ ਪਰ ਇਸ ਵਿੱਚ ਮਤਭੇਦ ਹੈ। ਪਾਕਿਸਤਾਨ ਵੱਲੋਂ ਸਕਾਰਾਤਮਕ ਕਦਮ ਉੱਠਣਾ ਚਾਹੀਦਾ ਹੈ ਤੇ ਇਸ ਦਾ ਅਸਰ ਵੀ ਧਰਾਤਲ ’ਤੇ ਦਿੱਸਣਾ ਚਾਹੀਦਾ। ਇਸ ਤੋਂ ਬਾਅਦ ਹੀ ਗੱਲ ਅੱਗੇ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਰਣਨੀਤੀ ਸਾਫ ਹੈ, ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ।