ਐਤਵਾਰ ਨੂੰ ਪਾਕਿਸਤਾਨ ਦੇ ਕਵੇਟਾ ਤੋਂ ਤਫ਼ਤਾਨ ਜਾ ਰਹੇ ਫੌਜ ਦੇ ਕਾਫ਼ਲੇ 'ਤੇ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ਵਿੱਚ ਸੱਤ ਸੈਨਿਕ ਮਾਰੇ ਗਏ ਤੇ 21 ਜ਼ਖਮੀ ਹੋ ਗਏ ਪਰ ਬਲੋਚ ਲਿਬਰੇਸ਼ਨ ਆਰਮੀ (BLA) ਨੇ 90 ਪਾਕਿਸਤਾਨੀ ਸੈਨਿਕਾਂ ਦੀ ਮੌਤ ਦਾ ਦਾਅਵਾ ਕੀਤਾ ਹੈ। ਬਲੋਚ ਲਿਬਰੇਸ਼ਨ ਆਰਮੀ ਨੇ ਪਾਕਿਸਤਾਨੀ ਫੌਜ ਦੇ ਕਾਫਲੇ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ਕਵੇਟਾ ਤੋਂ 150 ਕਿਲੋਮੀਟਰ ਦੂਰ ਨੋਸ਼ਕੀ ਵਿੱਚ ਹੋਇਆ। ਇਸ ਹਮਲੇ ਤੋਂ ਬਾਅਦ ਫੌਜ ਨੇ ਇਲਾਕੇ ਵਿੱਚ ਹੈਲੀਕਾਪਟਰ ਅਤੇ ਡਰੋਨ ਤਾਇਨਾਤ ਕਰ ਦਿੱਤੇ ਹਨ।

ਫੌਜ ਦਾ ਕਾਫਲਾ ਸ਼ਨੀਵਾਰ ਨੂੰ ਤਫ਼ਤਾਨ ਜਾ ਰਿਹਾ ਸੀ। ਇਸ ਕਾਫਲੇ ਵਿੱਚ ਸੱਤ ਫੌਜ ਦੀਆਂ ਬੱਸਾਂ ਅਤੇ ਦੋ ਹੋਰ ਵਾਹਨ ਸਨ, ਜਿਨ੍ਹਾਂ 'ਤੇ ਹਮਲਾ ਕੀਤਾ ਗਿਆ। ਰਿਪੋਰਟਾਂ ਅਨੁਸਾਰ, ਆਈਈਡੀ ਨਾਲ ਭਰੀ ਇੱਕ ਗੱਡੀ ਫੌਜ ਦੇ ਕਾਫਲੇ ਦੀ ਇੱਕ ਬੱਸ ਨਾਲ ਟਕਰਾ ਗਈ। ਇਹ ਇੱਕ ਆਤਮਘਾਤੀ ਹਮਲਾ ਸੀ।

ਨੋਸ਼ਕੀ ਸਟੇਸ਼ਨ ਦੇ ਐਸਐਚਓ ਜ਼ਫਰਉੱਲਾ ਸੁਲੇਮਾਨੀ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਇਹ ਇੱਕ ਆਤਮਘਾਤੀ ਹਮਲਾ ਸੀ। ਮੌਕੇ 'ਤੇ ਮਿਲੇ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਆਤਮਘਾਤੀ ਹਮਲਾਵਰ ਨੇ ਜਾਣਬੁੱਝ ਕੇ ਵਿਸਫੋਟਕਾਂ ਨਾਲ ਭਰੀ ਗੱਡੀ ਨੂੰ ਫੌਜ ਦੇ ਕਾਫਲੇ ਨਾਲ ਟੱਕਰ ਮਾਰੀ।ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਹਮਲੇ ਦੀ ਨਿੰਦਾ ਕੀਤੀ ਤੇ ਮਾਰੇ ਗਏ ਸੈਨਿਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ।

ਬਲੋਚ ਲਿਬਰੇਸ਼ਨ ਆਰਮੀ ਨੇ ਕੀਤਾ ਦਾਅਵਾ 

ਬੀਐਲਏ ਨੇ ਇੱਕ ਬਿਆਨ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ। ਬਲੋਚ ਲਿਬਰੇਸ਼ਨ ਆਰਮੀ ਦੀ ਆਤਮਘਾਤੀ ਇਕਾਈ, ਮਾਜੀਦ ਬ੍ਰਿਗੇਡ ਨੇ ਨੋਸ਼ਕੀ ਵਿੱਚ ਆਰਸੀਡੀ ਹਾਈਵੇਅ 'ਤੇ ਪਾਕਿਸਤਾਨੀ ਫੌਜ 'ਤੇ ਆਤਮਘਾਤੀ ਹਮਲਾ ਕੀਤਾ। ਇਸ ਕਾਫ਼ਲੇ ਵਿੱਚ ਅੱਠ ਫੌਜ ਦੀਆਂ ਬੱਸਾਂ ਸਨ। ਇਨ੍ਹਾਂ ਵਿੱਚੋਂ ਇੱਕ ਬੱਸ ਧਮਾਕੇ ਵਿੱਚ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਹਮਲੇ ਤੋਂ ਤੁਰੰਤ ਬਾਅਦ, ਬੀ.ਐਲ.ਏ. ਦੇ ਫਤਿਹ ਸਕੁਐਡ ਨੇ ਦੂਜੀ ਫੌਜ ਦੀ ਬੱਸ ਨੂੰ ਪੂਰੀ ਤਰ੍ਹਾਂ ਘੇਰ ਲਿਆ ਤੇ ਉਸ ਵਿੱਚ ਸਵਾਰ ਸਾਰੇ ਫੌਜੀਆਂ ਨੂੰ ਮਾਰ ਦਿੱਤਾ। ਇਸ ਤਰ੍ਹਾਂ ਮੌਤਾਂ ਦੀ ਕੁੱਲ ਗਿਣਤੀ 90 ਹੋ ਗਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :