America Capitol: ਅਮਰੀਕੀ ਇਤਿਹਾਸ ਦਾ ਅੱਜ ਕਾਲਾ ਦਿਨ, ਸੱਭਿਅਕ ਲੋਕਾਂ ਦਾ ਝੁਕ ਗਿਆ ਸਿਰ, ਜਾਣੋ ਹਿੰਸਾ ਤੇ ਹੰਗਾਮੇ ਦੀ ਵਜ੍ਹਾ
ਏਬੀਪੀ ਸਾਂਝਾ | 07 Jan 2021 03:22 PM (IST)
ਰਾਸ਼ਟਰੀ ਚੋਣ ਦੇ 2020 ਦੇ ਨਤੀਜਿਆਂ ਨੂੰ ਲੈ ਕੇ ਜਾਰੀ ਸਿਆਸੀ ਖਿੱਚੋਤਾਣ ਦੌਰਾਨ ਡੋਨਾਲਡ ਟ੍ਰੰਪ ਦੇ ਹਮਾਇਤੀਆਂ ਨੇ ਵਾਸ਼ਿੰਗਟਨ ਸਥਿਤ ਕੈਪੀਟਲ ਹਿੱਲ ’ਚ ਜ਼ਬਰਦਸਤ ਹਿੰਸਾ ਤੇ ਹੰਗਾਮਾ ਕੀਤਾ।
ਵਾਸਿੰਗਟਨ: ਅੱਜ ਦਾ ਦਿਨ ਅਮਰੀਕਾ (America) ਦੇ ਇਤਿਹਾਸ ਦਾ ਕਾਲਾ ਦਿਨ ਰਿਹਾ। ਰਾਸ਼ਟਰੀ ਚੋਣ ਦੇ 2020 (President Election 2020) ਦੇ ਨਤੀਜਿਆਂ ਨੂੰ ਲੈ ਕੇ ਜਾਰੀ ਸਿਆਸੀ ਖਿੱਚੋਤਾਣ ਦੌਰਾਨ ਡੋਨਾਲਡ ਟ੍ਰੰਪ (Donald Trump) ਦੇ ਹਮਾਇਤੀਆਂ ਨੇ ਵਾਸ਼ਿੰਗਟਨ ਸਥਿਤ ਕੈਪੀਟੌਲ ਹਿੱਲ (Capitol Hills) ’ਚ ਜ਼ਬਰਦਸਤ ਹਿੰਸਾ ਤੇ ਹੰਗਾਮਾ ਕੀਤਾ। ਸੁਰੱਖਿਆ ਜਵਾਨਾਂ ਨੂੰ ਭੀੜ ਖਿੰਡਾਉਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪਈ ਪਰ ਇਸ ਦੌਰਾਨ ਚਾਰ ਮੌਤਾਂ ਹੋ ਗਈਆਂ। ਪੁਲਿਸ ਨੇ ਫ਼ਿਲਹਾਲ 52 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਅਮਰੀਕੀ ਸੈਨੇਟ ਨੇ ਏਰੀਜ਼ੋਨਾ ’ਚ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੀ ਜਿੱਤ ਦਾ ਦਾਅਵਾ ਰੱਦ ਕਰ ਦਿੱਤਾ ਹੈ। ਸੈਨੇਟ ਨੇ ਜੋਅ ਬਾਇਡੇਨ ਨੂੰ ਜੇਤੂ ਮੰਨਿਆ ਹੈ। ਅਮਰੀਕੀ ਸੰਸਦ ਨੇ ਵੀ ਬਾਇਡੇਨ ਨੂੰ ਜੇਤੂ ਐਲਾਨ ਦਿੱਤਾ ਹੈ। ਰਾਜਧਾਨੀ ਡੀਸੀ ’ਚ ਐਮਰਜੈਂਸੀ ਦਾ ਹੁਕਮ ਦੋ ਹਫ਼ਤਿਆਂ ਲਈ ਵਧਾ ਦਿੱਤਾ ਗਿਆ ਹੈ। ਮੇਅਰ ਮੁਰੀਲ ਬੋਸੋਰ ਨੇ ਇਸ ਹੁਕਮ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੈਪੀਟਲ ਹਿਲਜ਼ ’ਤੇ ਹਿੰਸਾ ਤੋਂ ਬਾਅਦ ਸ਼ਾਮੀਂ 6 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫ਼ਿਊ ਲਾਗੂ ਕਰ ਦਿੱਤਾ ਸੀ। ਵੋਟਿੰਗ ਦੇ 64 ਦਿਨਾਂ ਬਾਅਦ ਕੈਪਟਲ ਹਿਲ ’ਚ ਇਲੈਕਟੋਰਲ ਕਾਲਜ ਦੀ ਪ੍ਰਕਿਰਿਆ ਚੱਲ ਰਹੀ ਸੀ। ਜੋਅ ਬਾਇਡੇਨ ਦੇ ਰਾਸ਼ਟਰਪਤੀ ਬਣਨ ਉੱਤੇ ਬਾਕਾਇਦਾ ਮੋਹਰ ਲੱਗਣੀ ਸੀ ਪਰ ਇਸੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਟ੍ਰੰਪ ਹਮਾਇਤੀਆਂ ਦੀ ਭੀੜ ਵਾਸ਼ਿੰਗਟਨ ’ਚ ਮਾਰਚ ਕੱਢਣ ਲੱਗੀ ਤੇ ਫਿਰ ਦੰਗਾਕਾਰੀਆਂ ਵਾਂਗ ਟ੍ਰੰਪ ਦੇ ਹਮਾਇਤੀ ਕੈਪੀਟਲ ਹਿਲ ਅੰਦਰ ਵੜ ਗਏ। ਫਿਰ ਸੁਰੱਖਿਆ ਜਵਾਨਾਂ ਨਾਲ ਉਨ੍ਹਾਂ ਦੀਆਂ ਝੜਪਾਂ ਹੋਈਆਂ। ਦਰਅਸਲ, ਹੰਗਾਮਾ ਇਸ ਲਈ ਸ਼ੁਰੂ ਹੋਇਆ ਕਿਉਂਕਿ ਰਾਸ਼ਟਰਪਤੀ ਟ੍ਰੰਪ ਨੇ ਸੰਸਦ ਦਾ ਸਾਂਝਾ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਆਖ ਦਿੱਤਾ ਸੀ ਕਿ ਉਹ ਚੋਣਾਂ ਵਿੱਚ ਹੋਈ ਹਾਰ ਨੂੰ ਪ੍ਰਵਾਨ ਨਹੀਂ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਇਸ ਵਿੱਚ ਧੋਖਾਧੜੀ ਹੋਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904