ਰੂਸ ਵਿੱਚ ਇੱਕ ਫੈਕਟਰੀ ਅੰਦਰ ਹੋਏ ਜ਼ਬਰਦਸਤ ਧਮਾਕੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹਨ। ਇਸ ਧਮਾਕੇ ਦੀ ਪੁਸ਼ਟੀ ਰੂਸੀ ਸਮਾਚਾਰ ਏਜੰਸੀ ਨੇ ਕੀਤੀ ਹੈ। ਰਿਪੋਰਟ ਮੁਤਾਬਕ ਇਹ ਧਮਾਕਾ ਮੱਧ ਰੂਸੀ ਖੇਤਰ ਦੇ ਸਮਾਰਾ 'ਚ ਸਥਿਤ ਫੈਕਟਰੀ 'ਚ ਹੋਇਆ। ਜਿਸ ਫੈਕਟਰੀ ਵਿੱਚ ਇਹ ਧਮਾਕਾ ਹੋਇਆ ਸੀ, ਉਹ ਵਿਸਫੋਟਕ ਬਣਾਉਣ ਲਈ ਵਰਤੀ ਜਾਂਦੀ ਸੀ।


ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰਆਈਏ ਨੋਵੋਸਤੀ ਨੇ ਐਮਰਜੈਂਸੀ ਸੇਵਾ ਅਧਿਕਾਰੀਆਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਇਹ ਧਮਾਕਾ ਰੂਸ ਦੇ ਸਮਰਾ ਖੇਤਰ ਵਿਚ ਪ੍ਰੋਮਸਿਨੇਟੇਜ਼ ਫੈਕਟਰੀ ਵਿਚ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੀਆਂ ਇਮਾਰਤਾਂ 'ਚ ਝਟਕੇ ਮਹਿਸੂਸ ਕੀਤੇ ਗਏ। ਰਿਪੋਰਟ ਮੁਤਾਬਕ ਸਥਾਨਕ ਲੋਕ ਹੈਰਾਨ ਸਨ ਕਿ ਕੀ ਇਹ ਬੰਬ ਧਮਾਕਾ ਸੀ।


ਜ਼ਖਮੀ ਹਸਪਤਾਲ ਦਾਖਲ


ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਧਮਾਕੇ ਸਬੰਧੀ ਫੈਕਟਰੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਧਮਾਕੇ ਦੇ ਸਮੇਂ ਫੈਕਟਰੀ ਵਿੱਚ ਕਰਮਚਾਰੀ ਕੰਮ ਕਰ ਰਹੇ ਸਨ। ਉਸੇ ਸਮੇਂ ਇਹ ਧਮਾਕਾ ਹੋ ਗਿਆ। ਅਜੇ ਤੱਕ ਮ੍ਰਿਤਕ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।



ਪਿਛਲੇ ਮਹੀਨੇ ਵੀ ਇੱਥੇ ਧਮਾਕਾ ਹੋਇਆ ਸੀ


ਰੂਸ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਫੈਕਟਰੀਆਂ ਅੰਦਰ ਕਈ ਧਮਾਕੇ ਹੋਏ ਹਨ। ਪਿਛਲੇ ਮਹੀਨੇ ਹੀ ਰੂਸ ਵਿਚ ਟੈਂਬੋਵ ਬਾਰੂਦ ਦੀ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋਇਆ ਸੀ, ਜਿਸ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਟੈਂਬੋਵ ਦੇ ਗਵਰਨਰ ਮੈਕਸਿਮ ਯੇਗੋਰੋਵ ਨੇ ਕਿਹਾ ਕਿ ਇਹ ਧਮਾਕਾ ਮਨੁੱਖੀ ਗਲਤੀ ਕਾਰਨ ਹੋਇਆ ਹੈ। ਹਾਲਾਂਕਿ ਇਸ ਵਾਰ ਧਮਾਕਾ ਹੋਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ।


ਗੌਰਤਲਬ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ 500 ਦਿਨ ਪੂਰੇ ਹੋਣ ਵਾਲੇ ਹਨ ਪਰ ਇਹ ਟਕਰਾਅ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿਛਲੇ ਸਾਲ ਫਰਵਰੀ 'ਚ ਜੰਗ ਸ਼ੁਰੂ ਹੋਣ ਤੋਂ ਬਾਅਦ ਮਾਸਕੋ ਹਾਈ ਅਲਰਟ 'ਤੇ ਹੈ। ਹਾਲ ਹੀ ਦੇ ਦਿਨਾਂ ਵਿੱਚ ਰੂਸੀ ਖੇਤਰ ਦੇ ਅੰਦਰ ਕਈ ਡਰੋਨ ਹਮਲੇ ਵੀ ਹੋਏ ਹਨ। ਅਜਿਹੇ 'ਚ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।