ਅਮਰੀਕੀ ਅਰਬਪਤੀ ਉਦਯੋਗਪਤੀ ਜੈਫ ਬੇਜ਼ੋਸ ਦੀ ਕੰਪਨੀ ਬਲੂ ਓਰੀਜਿਨ ਨੇ ਸੋਮਵਾਰ ਨੂੰ ਪਹਿਲੀ ਵਾਰੀ ਇਕੱਠੀਆਂ 6 ਔਰਤਾਂ ਨੂੰ ਪੁਲਾੜ ਦੀ ਸੈਰ ਕਰਵਾਈ। ਇਨ੍ਹਾਂ 'ਚ ਮਸ਼ਹੂਰ ਹਾਲੀਵੁਡ ਸਿੰਗਰ ਕੇਟੀ ਪੈਰੀ, ਜੈਫ ਬੇਜ਼ੋਸ ਦੀ ਮੰਗੇਤਰ ਲੌਰੇਨ ਸਾਂਚੇਜ਼, ‘ਸੀਬੀਐਸ ਮਾਰਨਿੰਗਜ਼’ ਦੀ ਹੋਸਟ ਗੇਲ ਕਿੰਗ, ਆਇਸ਼ਾ ਬੋਵੇ, ਅਮਾਂਡਾ ਗੁਯੇਨ ਅਤੇ ਕੇਰੀਅਨ ਫਲਿਨ ਸ਼ਾਮਲ ਸਨ। ਇਹ ਉਡਾਣ ਅੰਤਰਿਕਸ਼ ਸੈਰ-ਸਪਾਟੇ ਦੀ ਇਕ ਨਵੀਂ ਲਹਿਰ ਦਾ ਹਿੱਸਾ ਹੈ, ਜਿਸ ਦੇ ਤਹਿਤ ਅਮੀਰ ਅਤੇ ਮਸ਼ਹੂਰ ਲੋਕ ਆਸਾਨੀ ਨਾਲ ਪੁਲਾੜ ਦੀ ਯਾਤਰਾ ਕਰ ਸਕਣਗੇ।

ਜੈਫ ਬੇਜ਼ੋਸ ਦੀ ਬਲੂ ਓਰੀਜਿਨ ਕੰਪਨੀ ਦੇ ਰਾਕਟ ਰਾਹੀਂ ਇਹ ਯਾਤਰਾ ਕੀਤੀ ਗਈ। ਬਲੂ ਓਰੀਜਿਨ ਇਕ ਪ੍ਰਾਈਵੇਟ ਅੰਤਰਿਕਸ਼ ਕੰਪਨੀ ਹੈ, ਜਿਸ ਦੀ ਸਥਾਪਨਾ 2000 ਵਿੱਚ ਬੇਜ਼ੋਸ ਨੇ ਕੀਤੀ ਸੀ। ਇਹ ਕੰਪਨੀ ਸਿਰਫ ਅੰਤਰਿਕਸ਼ ਸੈਰ ਹੀ ਨਹੀਂ ਕਰਵਾ ਰਹੀ, ਸਗੋਂ ਰਿਉਜ਼ੇਬਲ ਰਾਕਟ, ਚੰਦਰਮਾ ਉੱਤੇ ਲੈਂਡਿੰਗ ਸਿਸਟਮ ਅਤੇ ਲੰਮੇ ਸਮੇਂ ਲਈ ਅੰਤਰਿਕਸ਼ ਢਾਂਚਾ ਵਿਕਸਤ ਕਰਨ ਉੱਤੇ ਵੀ ਕੰਮ ਕਰ ਰਹੀ ਹੈ।

 

 

ਸਪੇਸ 'ਚ ਗਾਇਆ ‘ਵਟ ਏ ਵੰਡਰਫੁਲ ਵਰਲਡ’ ਗੀਤ

ਬਲੂ ਓਰੀਜਿਨ ਦੇ ਨਿਊ ਸ਼ੈਪਰਡ ਸਬ-ਆਰਬਿਟਲ ਵਾਹਨ ਰਾਹੀਂ ਪਾਪ ਸਿੰਗਰ ਕੇਟੀ ਪੈਰੀ ਸਮੇਤ ਛੇ ਔਰਤਾਂ ਨੇ 14 ਅਪ੍ਰੈਲ ਨੂੰ ਅੰਤਰਿਕਸ਼ ਦੀ ਯਾਤਰਾ ਕੀਤੀ। ਇਹ ਨਿਊ ਸ਼ੈਪਰਡ ਪ੍ਰੋਗਰਾਮ ਦੀ 11ਵੀਂ ਮਨੁੱਖੀ ਉਡਾਣ ਸੀ। ਅਮਰੀਕੀ ਉਦਯੋਗਪਤੀ ਜੈਫ ਬੇਜ਼ੋਸ ਦੀ ਬਲੂ ਓਰੀਜਿਨ ਕੰਪਨੀ ਦੇ ਰਾਕਟ ਰਾਹੀਂ ਇਹ ਯਾਤਰਾ ਕੀਤੀ ਗਈ। ਰਾਕਟ ਨੇ ਸ਼ਾਮ 7 ਵਜੇ ਟੈਕਸਾਸ ਦੇ ਵੈਨ ਹੋਰਨ ਲਾਂਚ ਪੈਡ ਤੋਂ ਉਡਾਣ ਭਰੀ ਅਤੇ ਕਰੀਬ 11 ਮਿੰਟ ਬਾਅਦ ਮਿਸ਼ਨ ਸੁਰੱਖਿਅਤ ਵਾਪਸ ਆ ਗਿਆ। ਇਹ ਮਿਸ਼ਨ ਨਿਊ ਸ਼ੈਪਰਡ ਪ੍ਰੋਗਰਾਮ ਦਾ ਹਿੱਸਾ ਸੀ, ਜਿਸਨੂੰ NS-31 ਨਾਮ ਦਿੱਤਾ ਗਿਆ। ਕੇਟੀ ਪੈਰੀ ਯਾਤਰਾ ਤੋਂ ਬਾਅਦ ਸੁਰੱਖਿਅਤ ਉਤਰੀ ਅਤੇ ਉਨ੍ਹਾਂ ਨੇ ਧਰਤੀ ਨੂੰ ਚੁੰਮਿਆ। ਅੰਤਰਿਕਸ਼ ਕੈਪਸੂਲ ਵਿੱਚ ਰਹਿੰਦਿਆਂ ਉਨ੍ਹਾਂ ਨੇ ‘ਵਟ ਏ ਵੰਡਰਫੁਲ ਵਰਲਡ’ ਗੀਤ ਵੀ ਗਾਇਆ।

 

 

 

6 ਔਰਤਾਂ ਨੇ ਰਚਿਆ ਇਤਿਹਾਸ

ਇਹ ਅਮਰੀਕਾ ਦੀ ਅਜਿਹੀ ਪਹਿਲੀ ਅੰਤਰਿਕਸ਼ ਉਡਾਣ ਸੀ, ਜਿਸ ਵਿੱਚ ਹਰ ਸੀਟ 'ਤੇ ਔਰਤਾਂ ਹੀ ਸਵਾਰ ਸਨ। 1963 ਤੋਂ ਬਾਅਦ ਇਹ ਪਹਿਲੀ ਪੂਰੀ ਔਰਤਾਂ ਵਾਲੀ ਅੰਤਰਿਕਸ਼ ਯਾਤਰਾ ਸੀ। ਮਨੁੱਖੀ ਅੰਤਰਿਕਸ਼ ਯਾਤਰਾ ਦੇ 64 ਸਾਲਾਂ ਦੇ ਇਤਿਹਾਸ 'ਚ ਇਸ ਤੋਂ ਪਹਿਲਾਂ ਸਿਰਫ 1963 ਵਿੱਚ ਔਰਤਾਂ ਦੀ ਇੱਕ ਹੋਰ ਉਡਾਣ ਹੋਈ ਸੀ। ਉਸ ਸਮੇਂ ਸੋਵੀਅਤ ਅੰਤਰਿਕਸ਼ ਯਾਤਰੀ ਵੈਲੇਂਟੀਨਾ ਤੇਰੇਸ਼ਕੋਵਾ ਨੇ ਇਕੱਲੀ ਹੀ ਅੰਤਰਿਕਸ਼ ਵਿੱਚ ਉਡਾਣ ਭਰੀ ਸੀ, ਜੋ ਅੰਤਰਿਕਸ਼ ਵਿੱਚ ਜਾਣ ਵਾਲੀ ਪਹਿਲੀ ਔਰਤ ਬਣੀ ਸੀ।