ਅਬੁਜਾ- ਨਾਈਜੀਰੀਆ ਵਿੱਚ ਅੱਤਵਾਦੀ ਸੰਗਠਨ ਬੋਕੋ ਹਰਾਮ ਦੇ ਹਮਲੇ ਪਿੱਛੋਂ ਲਾਪਤਾ ਕੁੜੀਆਂ ਵਿੱਚੋਂ 76 ਨੂੰ ਫੌਜ ਨੇ ਬਚਾ ਲਿਆ ਹੈ। ਦੋ ਹੋਰ ਕੁੜੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਬੋਕੋ ਹਰਾਮ ਅੱਤਵਾਦੀਆਂ ਨੇ ਸੋਮਵਾਰ ਸ਼ਾਮ ਪੂਰਬੀ ਉੱਤਰੀ ਨਾਈਜੀਰੀਆ ਦੇ ਯੋਬੇ ਰਾਜ ਦੇ ਦਾਪਚੀ ਕਸਬੇ ਵਿੱਚ ਹਮਲਾ ਕੀਤਾ ਸੀ। ਇਸ ਤੋਂ ਬਾਅਦ ਇਥੋਂ ਦੇ ਇਕ ਸਕੂਲ ਵਿੱਚੋਂ 91 ਲੋਕ ਲਾਪਤਾ ਹੋ ਗਏ ਸਨ। ਇਨ੍ਹਾਂ ਵਿੱਚੋਂ 13 ਹਾਲੇ ਵੀ ਲਾਪਤਾ ਦੱਸੇ ਜਾਂਦੇ ਹਨ। ਸਥਾਨਕ ਅਧਿਕਾਰੀਆਂ ਤੇ ਲੋਕਾਂ ਨੇ ਦੱਸਿਆ ਕਿ ਬਚਾਈਆਂ ਗਈਆਂ ਕੁੜੀਆਂ ਬੁੱਧਵਾਰ ਸ਼ਾਮ ਪਿੰਡ ਵਿੱਚ ਪਰਤ ਆਈਆਂ। ਇਨ੍ਹਾਂ ਵਿੱਚੋਂ ਇਕ ਦੇ ਪਿਤਾ ਬਾਬਾਗਨਾ ਉਮਰ ਨੇ ਕਿਹਾ, ‘ਰੱਬ ਦੀ ਕਿਰਪਾ ਨਾਲ ਕੁੜੀਆਂ ਵਾਪਸ ਆ ਗਈਆਂ ਹਨ। ਉਨ੍ਹਾਂ ਦੇ ਮੁੜਨ ਦੀ ਹਰ ਕੋਈ ਖੁਸ਼ੀ ਮਨਾ ਰਿਹਾ ਹੈ। ਇਸ ਦੌਰਾਨ ਮਾੜੀ ਗੱਲ ਇਹ ਹੈ ਕਿ ਦੋ ਕੁੜੀਆਂ ਦੀ ਮੌਤ ਹੋ ਗਈ ਹੈ।’ ਪੁਲਿਸ ਅਤੇ ਸੂਬਾ ਸਰਕਾਰ ਦੇ ਅਧਿਕਾਰੀ ਇਨ੍ਹਾਂ ਕੁੜੀਆਂ ਦੇ ਲਾਪਤਾ ਹੋਣ ਦੀ ਘਟਨਾ ਉੱਤੇ ਸਾਫ ਬਿਆਨ ਨਹੀਂ ਦੇ ਰਹੇ। ਉਹ ਸਿਰਫ ਇੰਨਾ ਕਹਿ ਰਹੇ ਹਨ ਕਿ ਫੌਜ ਨੇ ਬੋਕੋ ਹਰਾਮ ਦੇ ਪੰਜੇ ਤੋਂ ਕਈ ਕੁੜੀਆਂ ਨੂੰ ਬਚਾਇਆ ਹੈ। ਜਿ਼ਕਰ ਯੋਗ ਹੈ ਕਿ 2014 ਵਿੱਚ ਨਾਈਜੀਰੀਆ ਦੇ ਚਿਬੁਕ ਇਲਾਕੇ ਤੋਂ 270 ਸਕੂਲੀ ਲੜਕੀਆਂ ਨੂੰ ਅਗਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਨਾਈਜੀਰੀਆ ਵਿੱਚ ਬੋਕੋ ਹਰਾਮ ਦੇ ਅੱਤਵਾਦ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।