Blast In Pakistan: ਪਾਕਿਸਤਾਨ ਦੇ ਕਵੇਟਾ ਸੂਬੇ 'ਚ ਵੀਰਵਾਰ ਰਾਤ ਨੂੰ ਹੋਏ ਬੰਬ ਧਮਾਕੇ 'ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਜਿਨਾਹ ਰੋਡ 'ਤੇ ਸਾਇੰਸ ਕਾਲਜ ਨੇੜੇ ਖੜ੍ਹੀ ਕਾਰ 'ਚ ਹੋਇਆ। ਜਿਨਾਹ ਰੋਡ ਕਵੇਟਾ ਦੇ ਮੁੱਖ ਮਾਰਗਾਂ ਚੋਂ ਇੱਕ ਹੈ ਅਤੇ ਖਰੀਦਦਾਰੀ ਲਈ ਇੱਕ ਬਹੁਤ ਮਸ਼ਹੂਰ ਅਤੇ ਵਿਅਸਤ ਸਥਾਨ ਹੈ। ਹਾਲਾਂਕਿ ਅਧਿਕਾਰੀ ਇਸ ਘਟਨਾ ਪਿੱਛੇ ਸ਼ਾਮਲ ਤੱਤਾਂ ਦੀ ਜਾਂਚ ਕਰ ਰਹੇ ਹਨ।


ਅਧਿਕਾਰੀਆਂ ਮੁਤਾਬਕ ਜ਼ਖ਼ਮੀਆਂ ਨੂੰ ਕਵੇਟਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਨਾਲ ਆਸ-ਪਾਸ ਦੀਆਂ ਇਮਾਰਤਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਇਸਲਾਮਿਕ ਸਟੇਟ ਪਾਕਿਸਤਾਨ ਦੇ ਇਸ ਇਲਾਕੇ ਵਿੱਚ ਕਾਫੀ ਸਰਗਰਮ ਹੈ।


ਦੱਸ ਦਈਏ ਕਿ ਇਸ ਸਾਲ ਹੀ ਘਟਨਾ ਸਥਾਨ ਤੋਂ ਮਹਿਜ਼ 2 ਕਿਲੋਮੀਟਰ ਦੂਰ ਚਾਰ ਸਿਤਾਰਾ ਹੋਟਲ ਸਰੇਨਾ ਵਿੱਚ ਬੰਬ ਧਮਾਕਾ ਹੋਇਆ ਸੀ। ਇਸ ਜ਼ਬਰਦਸਤ ਬੰਬ ​​ਧਮਾਕੇ ਨੇ ਪੰਜ ਲੋਕਾਂ ਦੀ ਜਾਨ ਲਈ ਸੀ। ਦੱਸ ਦਈਏ ਕਿ ਉਸ ਦਿਨ ਚੀਨ ਦੇ ਰਾਜਦੂਤ ਵੀ ਹੋਟਲ ਵਿਚ ਮੌਜੂਦ ਸੀ ਪਰ ਧਮਾਕੇ ਦੇ ਸਮੇਂ ਉਹ ਇੱਕ ਅਧਿਕਾਰਤ ਡਿਨਰ ਲਈ ਹੋਟਲ ਤੋਂ ਬਾਹਰ ਗਏ ਸੀ।


ਜਾਣਕਾਰੀ ਮੁਤਾਬਕ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦਾ ਇਹ ਸੂਬਾ ਤਾਲਿਬਾਨ ਅਤੇ ਆਈਐਸ ਦੇ ਪ੍ਰਭਾਵ ਕਾਰਨ ਪਿਛਲੇ ਕੁਝ ਸਾਲਾਂ ਤੋਂ ਬੰਬ ਧਮਾਕਿਆਂ ਦਾ ਅਹਿਮ ਗੜ੍ਹ ਬਣ ਗਿਆ ਹੈ।


ਇਸ ਦੇ ਨਾਲ ਹੀ ਹਮਲੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਬਲੋਚਿਸਤਾਨ ਦੇ ਮੁੱਖ ਮੰਤਰੀ ਦੇ ਸਲਾਹਕਾਰ ਮੀਰ ਜ਼ਿਆਉੱਲਾ ਲੰਗੋਵ ਨੇ ਦੱਸਿਆ ਕਿ ਧਮਾਕਾ ਰਿਮੋਟ ਕੰਟਰੋਲ ਯੰਤਰ ਰਾਹੀਂ ਕੀਤਾ ਗਿਆ। ਉਨ੍ਹਾਂ ਮੌਕੇ 'ਤੇ ਪਹੁੰਚ ਕੇ ਮ੍ਰਿਤਕਾਂ ਅਤੇ ਜ਼ਖਮੀਆਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਬਲੋਚਿਸਤਾਨ ਦੇ ਮੁੱਖ ਮੰਤਰੀ ਨੇ ਇਸ ਘਟਨਾ ਨੂੰ ਅਤਿਵਾਦ ਦੀ ਘਿਨਾਉਣੀ ਕਾਰਵਾਈ ਕਰਾਰ ਦਿੰਦਿਆਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦੇਣ ਦੀ ਗੱਲ ਕਹੀ ਹੈ।



ਇਹ ਵੀ ਪੜ੍ਹੋ: Covaxin ਵੈਕਸੀਨ ਬੱਚਿਆਂ 'ਤੇ ਅਸਰਦਾਰ, ਅਧਿਐਨ ਤੋਂ ਹੋਇਆ ਖੁਲਾਸਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904