ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ ਦੀ ਰਾਜਧਾਨੀ ਵਿੱਚ ਸੋਮਵਾਰ ਨੂੰ ਸੜਕ ਕਿਨਾਰੇ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 30 ਲੋਕ ਮਾਰੇ ਗਏ ਤੇ ਦਰਜਨਾਂ ਜ਼ਖਮੀ ਹੋ ਗਏ। ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਸਦਰ ਸ਼ਹਿਰ ਦੀ ਭੀੜ ਭਰੇ ਬਾਜ਼ਾਰ ਵਿੱਚ ਹੋਇਆ। ਇਹ ਧਮਾਕਾ ਈਦ-ਅਲ-ਅਦਾ ਤੋਂ ਇੱਕ ਦਿਨ ਪਹਿਲਾਂ ਹੋਇਆ ਜਦੋਂ ਲੋਕ ਬਾਜ਼ਾਰ ਵਿਚ ਖਰੀਦਦਾਰੀ ਵਿਚ ਰੁੱਝੇ ਹੋਏ ਸਨ।



ਦੋ ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਵਿੱਚ ਘੱਟੋ-ਘੱਟ 30 ਲੋਕ ਮਾਰੇ ਗਏ ਤੇ ਦਰਜਨਾਂ ਹੋਰ ਜ਼ਖ਼ਮੀ ਹੋਏ। ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਇਸਲਾਮਿਕ ਸਟੇਟ ਨੇ ਪਿਛਲੇ ਦਿਨੀਂ ਇਸ ਖੇਤਰ ਵਿੱਚ ਇਸ ਤਰਾਂ ਦੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।

ਬਿਆਨ ਅਨੁਸਾਰ, ਪ੍ਰਧਾਨ ਮੰਤਰੀ ਮੁਸਤਫਾ ਅਲ-ਕਦੀਮੀ ਨੇ ਮਾਰਕੀਟ ਦੇ ਖੇਤਰ ਲਈ ਜ਼ਿੰਮੇਵਾਰ ਫੈਡਰਲ ਪੁਲਿਸ ਰੈਜੀਮੈਂਟ ਦੇ ਕਮਾਂਡਰ ਨੂੰ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ ਹਨ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਾਲ ਇਹ ਤੀਸਰੀ ਵਾਰ ਹੈ ਜਦੋਂ ਬਾਜ਼ਾਰ ਵਿੱਚ ਬੰਬ ਫਟਿਆ ਹੈ।

ਇਕ ਪੁਲਿਸ ਸੂਤਰ ਨੇ ਦੱਸਿਆ ਕਿ 60 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸੀ ਅਤੇ ਕੁਝ ਦੁਕਾਨਾਂ ਇਸ ਧਮਾਕੇ ਵਿੱਚ ਸੜ ਕੇ ਸੁਆਹ ਹੋ ਗਈਆਂ। ਇਰਾਕੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਹਮਲਾ ਸਦਰ ਸ਼ਹਿਰ ਦੇ ਵਹੀਲਤ ਬਾਜ਼ਾਰ ਵਿਖੇ ਹੋਇਆ।