ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਨੇ ਕਈ ਡਰੱਗ ਬਣਾਉਣ ਵਾਲੀਆਂ ਕੰਪਨੀਆਂ ਖਿਲਾਫ ਕਲਾਸ ਐਕਸ਼ਨ ਮੁਕੱਦਮੇ ਦੀ ਸ਼ੁਰੂਆਤ ਕਰ ਦਿੱਤੀ ਹੈ। ਅਟੌਰਨੀ ਜਨਰਲ ਡੇਵਿਡ ਇਬਾਈ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਮੁਕੱਦਮਾ ਨਸ਼ੇ ਨਾਲ ਸਬੰਧਤ ਸੰਕਟ ਵਿੱਚ ਸਿਹਤ ਦੇਖਭਾਲ ਦੇ ਖਰਚਿਆਂ ਵਿੱਚ ਤਬਦੀਲੀ ਲਈ ਕੀਤਾ ਜਾ ਰਿਹਾ ਹੈ।


ਸੂਬੇ ਨੇ ਇਸ ਮਾਮਲੇ ਵਿੱਚ ਪ੍ਰਡਿਊ ਫਾਰਮਾ ਤੇ ਕੁਝ ਹੋਰ ਡਰੱਗ ਨਿਰਮਾਤਾਵਾਂ 'ਤੇ ਨਜ਼ਰ ਟਿਕਾਈ ਹੋਈ ਹੈ। ਇਸ ਮਾਮਲੇ ਵਿੱਚ ਵੈਨਕੂਵਰ ਸੁਪਰੀਮ ਕੋਰਟ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੇਵਿਡ ਇਬਾਈ ਨੇ ਇਲਜ਼ਾਮ ਲਾਏ ਕਿ ਪ੍ਰਡਿਊ ਇਸ ਮਾਮਲੇ ਵਿੱਚ ਗੈਰਕਨੂੰਨੀ ਕਾਰਵਾਈਆਂ ਰਾਹੀਂ ਫਾਇਦੇ ਬਣਾਉਣ ਵਿੱਚ ਇਕੱਲਾ ਨਹੀਂ ਬਲਕਿ 40 ਦੇ ਕਰੀਬ ਹੋਰ ਨਿਰਮਾਤਾ ਤੇ ਵਿਤਰਕ ਵੀ ਉਨ੍ਹਾਂ ਦੇ ਨਾਲ ਸਨ।


ਅਟੌਰਨੀ ਜਨਰਲ ਦਾ ਕਹਿਣਾ ਸੀ ਕਿ ਨਸ਼ਿਆਂ ਦੇ ਸੰਕਟ ਨਾਲ ਸਬੰਧਤ ਪਬਲਿਕ ਹੈਲਥਕੇਅਰ ਦੇ ਖਰਚਿਆਂ ਵਿੱਚ ਅਚਾਨਕ ਕਾਫੀ ਵਾਧਾ ਹੋਇਆ। ਇਸ ਦਾ ਕਾਰਨ ਕੁਝ ਬਰੈਂਡ ਤੇ ਨਾਨ-ਬਰੈਂਡ ਡਰੱਗ ਨਿਰਮਾਤਾ ਵੱਲੋਂ ਲਏ ਗਏ ਫੈਸਲੇ ਸਨ। ਸੂਬਾ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਅਜਿਹੇ ਫੈਸਲੇ ਲਏ ਹਨ। 1990 ਦੇ ਦਹਾਕੇ ਵਿਚ ਇਸੇ ਤਰੀਕੇ ਨਾਲ ਸਿਗਰਟਨੋਸ਼ੀ ਵਾਲਿਆਂ ਦੀ ਦੇਖਭਾਲ ਸਬੰਧਤ ਖਰਚਿਆਂ ਲਈ ਤੰਬਾਕੂ ਕੰਪਨੀਆਂ 'ਤੇ ਮੁਕੱਦਮਾ ਕੀਤਾ ਗਿਆ ਸੀ।