ਲੰਡਨ: ਯੂਕੇ ਵਿੱਚ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਦਿਵਾਉਣ ਲਈ ਮੁਹਿੰਮ ਵਿੱਢੀ ਗਈ ਹੈ। ਇਹ ਮੁਹਿੰਮ ਬ੍ਰਿਟਿਸ਼ ਸੰਸਦ ਮੈਂਬਰਾਂ ਦੇ ਸਮੂਹ ਨੇ ਸ਼ੁਰੂ ਕੀਤੀ ਹੈ ਜੋ ਸਾਲ ਭਰ ਚੱਲੇਗੀ। ਇਸ ਦਾ ਮਕਸਦ ਯੂਕੇ ਵਿੱਚ 2021 ’ਚ ਹੋਣ ਵਾਲੀ ਮਰਦਮਸ਼ੁਮਾਰੀ ਮੌਕੇ ਸਿੱਖ ਧਰਮ ਲਈ ਜਨਗਣਨਾ ਫਾਰਮ ਵਿੱਚ ਵੱਖਰਾ ਕਾਲਮ ਸ਼ਾਮਲ ਕਰਾਉਣ ਲਈ ਹਮਾਇਤ ਜੁਟਾਉਣਾ ਹੈ। ਦਰਅਸਲ ਯੂਕੇ ਦਾ ਅੰਕੜਾ ਵਿਭਾਗ ਸਿੱਖਾਂ ਦੀ ਇਸ ਮੰਗ ‘ਲੋੜ ਨਹੀਂ’ ਦੱਸ ਕੇ ਖਾਰਜ ਕਰ ਚੁੱਕਾ ਹੈ। ਇਸ ਕਰਕੇ ਮੁਹਿੰਮ ਨੂੰ ਭਖਾਉਣ ਦੀ ਲੋੜ ਪਈ ਹੈ।
ਬਰਤਾਨਵੀ ਸਿੱਖਾਂ ਦੇ ਸਰਬ ਪਾਰਟੀ ਸੰਸਦੀ ਸਮੂਹ (ਏਪੀਪੀਜੀ) ਨੇ ਕੌਮੀ ਅੰਕੜਾ ਦਫ਼ਤਰ (ਓਐਨਐਸ) ’ਤੇ ਇਲਜ਼ਾਮ ਲਾਇਆ ਹੈ ਕਿ ਸਿੱਖ ਭਾਈਚਾਰੇ ਵੱਲੋਂ ਵਧੀਕ ਸ਼੍ਰੇਣੀ ਦੀ ਮੰਗ ਲਈ ਜੁਟਾਈ ਹਮਾਇਤ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਮੂਹ ਨੇ ਕਿਹਾ ਕਿ ਜਨਗਣਨਾ ਫਾਰਮ ਵਿੱਚ ਸਿੱਖ ਧਰਮ ਲਈ ਵੱਖਰੇ ਕਾਲਮ ਦੀ ਮੰਗ ਕੀਤੇ ਜਾਣ ਪਿੱਛੇ ਮੁੱਖ ਆਸਾ ਬਰਤਾਨਵੀ ਸਿੱਖਾਂ ਨਾਲ ਨਿਰਪੱਖ ਵਤੀਰਾ ਯਕੀਨੀ ਬਣਾਉਣ ਦੇ ਨਾਲ ਭਾਈਚਾਰੇ ਨੂੰ ਦਰਪੇਸ਼ ਨਸਲੀ ਵਿਤਕਰੇ ਦੀਆਂ ਘਟਨਾਵਾਂ ਨੂੰ ਮੁਖਾਤਬ ਹੋਣਾ ਹੈ।
ਲੇਬਰ ਪਾਰਟੀ ਦੀ ਐਮਪੀ ਤੇ ਏਪੀਪੀਜੀ ਦੀ ਮੁਖੀ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਓਐਨਐਸ ਨੇ ਸਫ਼ੇਦ ਪੇਪਰ ’ਤੇ ਜਿਹੜੀ ਸੱਜਰੀ ਤਜਵੀਜ਼ ਰੱਖੀ ਹੈ, ਉਸ ਨਾਲ ਦਫ਼ਤਰ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਰਾਹ ਖੁੱਲ੍ਹ ਗਿਆ ਹੈ ਤੇ ਇਹ ਸਿੱਖਾਂ ਖ਼ਿਲਾਫ਼ ਸੰਸਥਾਗਤ ਵਿਤਕਰੇ ਦੇ ਦਾਅਵੇ ਦੀ ਵੀ ਪੁਸ਼ਟੀ ਕਰਦਾ ਹੈ। ਗਿੱਲ ਨੇ ਕਿਹਾ ਕਿ ਐਮਪੀ’ਜ਼ ਨੇ ਗੁਰਦੁਆਰਿਆਂ, ਸਿੱਖ ਜਥੇਬੰਦੀਆਂ ਤੇ ਭਾਈਚਾਰੇ ਦੀ ਹਮਾਇਤ ਨਾਲ ਸਾਲ ਭਰ ਚੱਲਣ ਵਾਲੀ ਕੌਮੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਮਰਦਮਸ਼ੁਮਾਰੀ ਆਡਰਡ 2019 ਨੂੰ ਹਾਊਸ ਆਫ਼ ਕਾਮਨਜ਼ ਵਿੱਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਸਿੱਖ ਧਰਮ ਬਾਰੇ ਵੱਖਰਾ ਕਾਲਮ ਜਨਗਣਨਾ ਫਾਰਮ ਵਿੱਚ ਸ਼ਾਮਲ ਕੀਤਾ ਜਾ ਸਕੇ।
ਹਾਲ ਹੀ ਵਿੱਚ ਰਿਲੀਜ਼ ਕੀਤੇ ਸਫ਼ੇਦ ਪੇਪਰ, ਜਿਸ ਦਾ ਟਾਈਟਲ ‘ਹੈਲਪ ਸ਼ੇਪ ਆਵਰ ਫਿਊਚਰ: ਦਿ 2021 ਸੈਂਸਸ ਆਫ਼ ਪਾਪੂਲੇਸ਼ਨ ਐਂਡ ਹਾਊਸਿੰਗ ਇਨ ਇੰਗਲੈਂਡ ਐਂਡ ਵੇਲਜ਼’ ਵਿੱਚ ਓਐਨਐਸ ਨੇ ਕਿਹਾ ਸੀ ਕਿ ਸਿੱਖਾਂ ਦੀ ਗਿਣਤੀ ਦਾ ਅੰਦਾਜ਼ਾ ਸਿੱਖ ਧਰਮ ਬਾਰੇ ਪੁੱਛੇ ਪ੍ਰਸ਼ਨ ਦੇ ਰਿਸਪੌਂਸ ਬਦਲ ਦੇ ਅੰਕੜਿਆਂ ਤੋਂ ਲਾਇਆ ਜਾ ਸਕਦਾ ਹੈ।