ਕੈਪਟਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਜੇਕਰ ਇਮਰਾਨ ਖ਼ਾਨ ਭਾਰਤ ਨਾਲ ਸ਼ਾਂਤੀ ਚਾਹੁੰਦੇ ਹਨ ਤਾਂ ਅਜਿਹੀਆਂ ਕਾਰਵਾਈਆਂ ਨੂੰ ਰੋਕਿਆ ਜਾਵੇ। ਕੈਪਟਨ ਨੇ ਇੱਕ ਵਾਰ ਫਿਰ ਕਰਤਾਰਪੁਰ ਸਾਹਿਬ ਲਾਂਘੇ ਪਿੱਛੇ ਆਈਐਸਆਈ ਦੇ ਖ਼ਤਰਨਾਕ ਮਨਸੂਬੇ ਹੋਣ ਦੀ ਗੱਲ ਵੀ ਦੁਹਰਾਈ। ਉਨ੍ਹਾਂ ਐਸਐਫਜੇ ਵੱਲੋਂ ਕਰਵਾਈ ਜਾਣ ਵਾਲੀ ਕਰਤਾਰਪੁਰ ਸਾਹਿਬ ਕਨਵੈਨਸ਼ਨ ਦਾ ਵੀ ਸਖ਼ਤ ਵਿਰੋਧ ਕਰਦਿਆਂ ਕਿਹਾ ਹੈ ਕਿ ਕੀ ਆਈਐਸਆਈ ਦੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਐਸਐਫਜੇ ਸਮੇਤ ਹੋਰ ਭਾਰਤ ਵਿਰੋਧੀ ਤਾਕਤਾਂ ਨੂੰ ਹਵਾ ਦੇਣ ਦੀ ਇਹੋ ਯੋਜਨਾ ਹੈ।
ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਜੇਕਰ ਉਹ ਸੱਚੇ ਮਨ ਨਾਲ ਭਾਰਤ ਲਈ ਦੋਸਤੀ ਦੇ ਬੂਹੇ ਖੋਲ੍ਹਣਾ ਚਾਹੁੰਦੇ ਹਨ ਤਾਂ ਉਹ ਨਾ ਸਿਰਫ਼ ਐਸਐਫਜੇ ਦੇ ਇਸ ਕਦਮ ਦੀ ਨਿਖੇਧੀ ਕਰਨ ਬਲਕਿ ਉਨ੍ਹਾਂ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਲਈ ਆਪਣੀ ਜ਼ਮੀਨ ਵੀ ਨਾ ਵਰਤਣ ਦੇਣ। ਕੈਪਟਨ ਨੇ ਪਾਕਿ ਫ਼ੌਜ ਨੂੰ ਵੀ ਅੱਖਾਂ ਦਿਖਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ 1965, 1971 ਤੇ ਕਾਰਗਿਲ ਦੀ ਜੰਗ ਵਿੱਚ ਭਾਰਤ ਹੱਥੋਂ ਮਿਲੀਆਂ ਹਾਰਾਂ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਪੰਜਾਬ ਹੁਣ 80ਵਿਆਂ ਦੇ ਦਹਾਕੇ ਵਾਲਾ ਨਹੀਂ ਰਿਹਾ ਅਤੇ ਸਾਡੀ ਫ਼ੌਜ ਤੇ ਪੁਲਿਸ ਕਿਸੇ ਵੀ ਹਮਲੇ ਦਾ ਟਾਕਰਾ ਕਰਨ ਲਈ ਬੇਹੱਦ ਸਮਰੱਥ ਹਨ।