ਕੋਪਨਹੇਗਨ: ਯੂਰਪੀ ਦੇਸ਼ ਡੈਨਮਾਰਕ ਵੀ ਬੁਰਕੇ ਅਤੇ ਨਕਾਬ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਵਿਚ ਹੈ। ਡੈਨਮਾਰਕ ਦੀ ਸੰਸਦ ਵਿਚ ਜ਼ਿਆਦਾਤਰ ਪਾਰਟੀਆਂ ਨੇ ਮੁਸਲਿਮ ਔਰਤਾਂ ਦੇ ਇਸ ਪਹਿਰਾਵੇ 'ਤੇ ਪਾਬੰਦੀ ਲਗਾਉਣ ਦਾ ਸਮੱਰਥਨ ਕੀਤਾ ਹੈ। ਯੂਰਪ ਵਿਚ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ 'ਤੇ ਚਿਹਰਾ ਢੱਕਣ ਦੇ ਪਹਿਰਾਵੇ ਜਿਵੇਂ ਬੁਰਕਾ ਅਤੇ ਨਕਾਬ ਨੂੰ ਲੈ ਕੇ ਲੋਕਰਾਇ ਵੱਖ-ਵੱਖ ਹੈ। ਕੁਝ ਲੋਕ ਧਾਰਮਿਕ ਆਜ਼ਾਦੀ ਦੀ ਦੁਹਾਈ ਦੇ ਰਹੇ ਹਨ ਤੇ ਕੁਝ ਇਹ ਦਲੀਲ ਦੇ ਰਹੇ ਹਨ ਕਿ ਇਸ ਤਰ੍ਹਾਂ ਦੇ ਪਹਿਰਾਵੇ ਔਰਤਾਂ 'ਤੇ ਅੱਤਿਆਚਾਰ ਦੇ ਪ੍ਰਤੀਕ ਹਨ।
ਡੈਨਮਾਰਕ ਵਿਚ ਗੱਠਜੋੜ ਸਰਕਾਰ 'ਚ ਸਭ ਤੋਂ ਵੱਡੀ ਪਾਰਟੀ ਲਿਬਰਲ ਪਾਰਟੀ ਦੇ ਬੁਲਾਰੇ ਜੈਕਬ ਏਲੇਮੈਨ-ਜੇਨਸੇਨ ਨੇ ਕਿਹਾ ਕਿ ਇਹ ਪਾਬੰਦੀ ਧਾਰਮਿਕ ਪਹਿਰਾਵੇ 'ਤੇ ਨਹੀਂ ਬਲਕਿ ਚਿਹਰਾ ਢੱਕਣ 'ਤੇ ਹੈ। ਸੱਤਾਧਾਰੀ ਗੱਠਜੋੜ ਦੇ ਇਕ ਹੋਰ ਭਾਈਵਾਲ ਡੇਨਿਸ਼ ਪੀਪਲਜ਼ ਪਾਰਟੀ ਅਤੇ ਮੁੱਖ ਵਿਰੋਧੀ ਸੋਸ਼ਲ ਡੈਮੋਯੇਟਸ ਨੇ ਵੀ ਕਿਹਾ ਕਿ ਅਸੀਂ ਸਾਰੇ ਬੁਰਕੇ 'ਤੇ ਪਾਬੰਦੀ ਲਗਾਉਣ ਦੇ ਪੱਖ ਵਿਚ ਹਾਂ। ਅਸੀਂ ਅਜੇ ਇਹ ਚਰਚਾ ਕਰ ਰਹੇ ਹਾਂ ਕਿ ਇਸ ਨੂੰ ਕਿਸ ਤਰ੍ਹਾਂ ਅਮਲ ਵਿਚ ਲਿਆਂਦਾ ਜਾਏ।


ਵਿਦੇਸ਼ ਮੰਤਰੀ ਐਂਡਰਸ ਸੈਮੂਅਲਸਨ ਦੀ ਪਾਰਟੀ ਲਿਬਰਲ ਅਲਾਇੰਸ ਨੇ ਵੀ ਇਸ ਮੁੱਦੇ 'ਤੇ ਸਮੱਰਥਨ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਦੀ ਪਾਰਟੀ ਪਹਿਲੇ ਬੁਰਕੇ 'ਤੇ ਪਾਬੰਦੀ ਲਗਾਉਣ ਦਾ ਇਹ ਕਹਿੰਦੇ ਹੋਏ ਵਿਰੋਧ ਕਰ ਰਹੀ ਸੀ ਕਿ ਇਸ ਨਾਲ ਪਹਿਰਾਵਾ ਚੁਣਨ ਦੀ ਆਜ਼ਾਦੀ ਸੀਮਤ ਹੋ ਜਾਏਗੀ।

ਯੂਰਪ ਦੇ ਇਨ੍ਹਾਂ ਦੇਸ਼ਾਂ 'ਚ ਹੈ ਪਾਬੰਦੀ

ਫਰਾਂਸ, ਬੈਲਜੀਅਮ, ਨੀਦਰਲੈਂਡਸ, ਬੁਲਗਾਰੀਆ ਅਤੇ ਜਰਮਨੀ ਦੇ ਬਾਵੇਰੀਆ ਸੂਬੇ ਵਿਚ ਜਨਤਕ ਥਾਵਾਂ 'ਤੇ ਚਿਹਰੇ ਨੂੰ ਪੂਰੀ ਤਰ੍ਹਾਂ ਢੱਕਣ 'ਤੇ ਪਾਬੰਦੀ ਹੈ। ਨਾਰਵੇ ਸਰਕਾਰ ਵੀ ਇਸ ਸਾਲ ਜੂਨ ਵਿਚ ਸਕੂਲਾਂ ਅਤੇ ਕਾਲਜਾਂ ਵਿਚ ਚਿਹਰਾ ਢੱਕਣ 'ਤੇ ਰੋਕ ਲਗਾਉਣ ਦਾ ਪ੍ਰਸਤਾਵ ਲਿਆਈ ਸੀ।