ਅੰਮ੍ਰਿਤਸਰ: ਭਾਰਤ ਤੇ ਪਾਕਿਸਤਾਨ ਦੇਸ਼ਾਂ ਵਿਚਾਲੇ ਚੱਲਦੀ 'ਦੋਸਤੀ ਬੱਸ' ਸੇਵਾ ਫਿਲਹਾਲ ਜਾਰੀ ਹੈ। ਪਰ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਨਾਅ ਭਰੇ ਮਾਹੌਲ ਦੇ ਦਰਮਿਆਨ ਇਸ ਬੱਸ ਵਿੱਚ ਕੋਈ ਵੀ ਯਾਤਰੀ ਅੱਜ ਪਾਕਿਸਤਾਨ ਨਹੀਂ ਜਾ ਰਿਹਾ। ਮੁਸਾਫਰਾਂ ਦਾ ਨਾ ਜਾਣਾ ਸਾਫ ਕਰਦਾ ਹੈ ਕਿ ਰੇਲ ਸੇਵਾ ਬੰਦ ਹੋਣ ਦਾ ਅਸਰ ਭਾਰਤ ਪਾਕਿਸਤਾਨ ਦੇਸ਼ਾਂ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਦੇ ਨਾਲ ਨਾਲ ਬੱਸ ਸਰਵਿਸ ਦੇ ਉੱਪਰ ਵੀ ਪਿਆ ਹੈ। ਪਾਕਿਸਤਾਨ ਨੇ ਬੀਤੇ ਕੱਲ੍ਹ ਸਮਝੌਤਾ ਐਕਸਪ੍ਰੈਸ ਰੱਦ ਕਰਨ ਦਾ ਐਲਾਨ ਕੀਤਾ ਸੀ ਭਾਰਤ ਸਰਕਾਰ ਵੱਲੋਂ ਫਿਲਹਾਲ ਇਸ ਬੱਸ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ।

ਭਾਰਤ ਵੱਲੋਂ ਇਹ ਬੱਸ ਖਾਲੀ ਜਾ ਰਹੀ ਹੈ। ਬੱਸ ਦੇ ਡਰਾਈਵਰ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਨ੍ਹਾਂ ਸਮਾਂ ਤਕ ਸਰਕਾਰ ਦਾ ਕੋਈ ਵੀ ਹੁਕਮ ਉਨ੍ਹਾਂ ਨੂੰ ਨਹੀਂ ਮਿਲਦਾ, ਉਹ ਬਾਰ ਇਸੇ ਤਰ੍ਹਾਂ ਹੀ ਲੈ ਕੇ ਜਾਣਗੇ। ਇੱਥੇ ਇਹ ਬੱਸ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਵਿਚਕਾਰ ਚਲਾਈ ਜਾਂਦੀ ਸੀ। ਪਰ ਡਰਾਈਵਰ ਨੇ ਖੁਲਾਸਾ ਕੀਤਾ ਕਿ ਪਿਛਲੇ ਚਾਰ ਸਾਲਾਂ ਤੋਂ ਇਹ ਬੱਸ ਵਾਹਗਾ 'ਤੇ ਹੀ ਰੋਕ ਦਿੱਤੀ ਜਾਂਦੀ ਹੈ, ਕਿਉਂਕਿ ਪਾਕਿਸਤਾਨ ਦੇ ਅਧਿਕਾਰੀ ਇਹ ਕਹਿੰਦੇ ਸਨ ਕਿ ਉਹ ਉਨ੍ਹਾਂ ਦੀ ਬੱਸ ਨੂੰ ਸੁਰੱਖਿਆ ਨਹੀਂ ਮੁਹੱਈਆ ਕਰਵਾ ਸਕਦੇ।

ਬੱਸ ਰਾਹੀਂ ਨਨਕਾਣਾ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਪਾਕਿਸਤਾਨ ਸਰਕਾਰ ਛੋਟੀਆਂ ਗੱਡੀਆਂ ਵਿੱਚ ਲਾਹੌਰ ਤਕ ਹੀ ਲੈ ਕੇ ਜਾਂਦੀ ਹੈ। ਇਸ ਤੋਂ ਅੱਗੇ ਨਨਕਾਣਾ ਸਾਹਿਬ ਤਕ ਇਹ ਯਾਤਰੀ ਨਹੀਂ ਜਾਂਦੇ। ਫਿਲਹਾਲ ਭਾਰਤ ਵੱਲੋਂ ਇਹ ਬੱਸ ਸਰਵਿਸ ਜਾਰੀ ਹੈ ਪਰ ਮੁਸਾਫ਼ਰ ਇਸ ਦੇ ਵਿੱਚ ਜਾਣ ਤੋਂ ਗੁਰੇਜ਼ ਕਰ ਰਹੇ ਹਨ। ਆਮ ਤੌਰ 'ਤੇ ਜਦੋਂ ਇਹ ਬੱਸ ਸੇਵਾ ਚੱਲਦੀ ਸੀ ਤਾਂ ਇਸ ਬੱਸ ਵਿੱਚ ਵੱਡੀ ਗਿਣਤੀ 'ਚ ਯਾਤਰੀਆਂ ਨੇ ਨਨਕਾਣਾ ਸਾਹਿਬ ਜਾਣਾ ਸ਼ੁਰੂ ਕੀਤਾ ਸੀ। ਇਹ ਬੱਸ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਦੇ ਦਰਮਿਆਨ ਚੱਲਦੀ ਸੀ ਅੱਜ ਇਹ ਬੱਸ ਆਪਣੇ ਮਿੱਥੇ ਸਮੇਂ ਤੇ ਰਵਾਨਾ ਹੋਈ ਹੈ ਹਫ਼ਤੇ ਵਿੱਚ ਦੋ ਦਿਨ ਇਹ ਬੱਸ ਪਾਕਿਸਤਾਨ ਜਾਂਦੀ ਹੈ ਅਤੇ ਉੱਥੋਂ ਦੋ ਦਿਨ ਵੀ ਮੁਸਾਫਿਰ ਲੈ ਕੇ ਭਾਰਤ ਪਰਤਦੀ ਹੈ।