Canada Visa: ਕੈਨੇਡਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਯੁੱਧ ਪ੍ਰਭਾਵਿਤ ਖੇਤਰ ਵਿੱਚ ਰਹਿ ਰਹੇ ਗਾਜ਼ਾ ਦੇ 5,000 ਨਿਵਾਸੀਆਂ ਨੂੰ ਅਸਥਾਈ ਵੀਜ਼ਾ ਪ੍ਰਦਾਨ ਕਰੇਗਾ। ਇਹ ਉਹ ਲੋਕ ਹੋਣਗੇ ਜੋ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਦੇ ਰਿਸ਼ਤੇਦਾਰ ਹੋਣਗੇ। ਕੈਨੇਡਾ ਨੇ ਇਸ ਫੈਸਲੇ ਨੂੰ ਗਾਜ਼ਾ ਤੋਂ ਲੋਕਾਂ ਨੂੰ ਕੱਢਣ ਲਈ ਸ਼ੁਰੂਆਤੀ ਕਦਮ ਦੱਸਿਆ ਹੈ। ਇਮੀਗ੍ਰੇਸ਼ਨ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਅੰਕੜਾ ਦਸੰਬਰ ਵਿੱਚ ਘੋਸ਼ਿਤ ਗਾਜ਼ਾ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਅਲਾਟ ਕੀਤੇ ਗਏ 1,000 ਅਸਥਾਈ ਨਿਵਾਸੀ ਵੀਜ਼ਿਆਂ ਤੋਂ ਵੱਧ ਹੈ। ਕੈਨੇਡਾ ਦੇ ਇਸ ਕਦਮ ਵਿੱਚ ਕਈ ਲੋਕਾਂ ਨੇ ਦਿਲਚਸਪੀ ਦਿਖਾਈ ਸੀ।


ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ, 'ਗਾਜ਼ਾ ਤੋਂ ਬਾਹਰ ਨਿਕਲਣਾ ਫਿਲਹਾਲ ਸੰਭਵ ਨਹੀਂ ਹੈ, ਪਰ ਸਥਿਤੀ ਕਿਸੇ ਵੀ ਸਮੇਂ ਬਦਲ ਸਕਦੀ ਹੈ। ਹਾਲਾਤ ਬਦਲਦੇ ਹੀ ਅਸੀਂ ਹੋਰ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਾਂਗੇ। ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਗਾਜ਼ਾ ਤੋਂ ਬਾਹਰ ਨਿਕਲਣਾ ਬੇਹੱਦ ਮੁਸ਼ਕਲ ਹੈ ਅਤੇ ਇਹ ਇਜ਼ਰਾਈਲ ਦੀ ਮਨਜ਼ੂਰੀ 'ਤੇ ਨਿਰਭਰ ਕਰਦਾ ਹੈ। 


ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇਜ਼ਰਾਈਲ ਦੇ ਤਾਜ਼ਾ ਹਮਲੇ 'ਚ ਗਾਜ਼ਾ ਦੇ ਰਫਾਹ ਸ਼ਹਿਰ 'ਚ ਇਕ ਟੈਂਟ ਕੈਂਪ 'ਚ ਭਿਆਨਕ ਅੱਗ ਲੱਗ ਗਈ, ਜਿਸ 'ਚ 45 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਤੋਂ ਬਾਅਦ ਗਲੋਬਲ ਨੇਤਾਵਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।


ਮਿਲਰ ਨੇ ਕਿਹਾ ਕਿ ਕੈਨੇਡਾ ਗਾਜ਼ਾ ਨਿਵਾਸੀਆਂ ਦੇ ਨਾਂਅ ਸਾਂਝੇ ਕਰ ਰਿਹਾ ਹੈ ਜਿਨ੍ਹਾਂ ਨੇ ਸਥਾਨਕ ਅਧਿਕਾਰੀਆਂ ਨਾਲ ਮੁਢਲੀ ਜਾਂਚਾਂ ਪੂਰੀਆਂ ਕਰ ਲਈਆਂ ਹਨ ਤਾਂ ਜੋ ਉਹ ਸੁਰੱਖਿਅਤ ਢੰਗ ਨਾਲ ਜਾ ਸਕਣ। ਮਿਲਰ ਦੇ ਬੁਲਾਰੇ ਨੇ ਦੱਸਿਆ ਕਿ 448 ਗਾਜ਼ਾ ਵਾਸੀਆਂ ਨੂੰ ਅਸਥਾਈ ਵੀਜ਼ੇ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 254 ਨੂੰ ਜਨਤਕ ਨੀਤੀ ਤਹਿਤ ਵੀਜ਼ੇ ਦਿੱਤੇ ਗਏ ਹਨ ਅਤੇ ਹੁਣ ਤੱਕ 41 ਲੋਕ ਕੈਨੇਡਾ ਪਹੁੰਚ ਚੁੱਕੇ ਹਨ।


ਫਲਸਤੀਨ ਵਿੱਚ 36 ਹਜ਼ਾਰ ਲੋਕ ਮਾਰੇ ਗਏ


ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਇਲੀ ਹਮਲਿਆਂ 'ਚ ਲਗਭਗ 36,000 ਫਲਸਤੀਨੀ ਮਾਰੇ ਗਏ ਹਨ। ਸੰਯੁਕਤ ਰਾਸ਼ਟਰ ਦੀ ਫਲਸਤੀਨੀ ਸ਼ਰਨਾਰਥੀ ਏਜੰਸੀ UNRWA ਦੇ ਅਨੁਸਾਰ, ਲਗਭਗ 1.7 ਮਿਲੀਅਨ ਲੋਕ, ਜਾਂ ਗਾਜ਼ਾ ਦੀ ਆਬਾਦੀ ਦਾ 75 ਪ੍ਰਤੀਸ਼ਤ ਤੋਂ ਵੱਧ, ਵਿਸਥਾਪਿਤ ਹਨ। ਇਜ਼ਰਾਈਲ ਨੇ ਆਪਣੀ ਫੌਜੀ ਮੁਹਿੰਮ ਉਦੋਂ ਸ਼ੁਰੂ ਕੀਤੀ ਜਦੋਂ ਹਮਾਸ ਨੇ 7 ਅਕਤੂਬਰ ਨੂੰ ਦੱਖਣੀ ਇਜ਼ਰਾਈਲੀ ਭਾਈਚਾਰਿਆਂ 'ਤੇ ਹਮਲਾ ਕੀਤਾ। ਇਸ ਦੌਰਾਨ ਲਗਭਗ 1,200 ਲੋਕ ਮਾਰੇ ਗਏ ਸਨ ਅਤੇ 250 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ।